ਮਾਨ ਤੋਂ ਕੇਜਰੀਵਾਲ ਤੱਕ, ਹਰ ਲੁਟੇਰੇ ਦਾ ਹਿਸਾਬ ਹੋਵੇਗਾ : ਪ੍ਰਤਾਪ ਸਿੰਘ ਬਾਜਵਾ

ਜਲੰਧਰ/ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਦਿੱਲੀ ਦੀ ਲੀਡਰਸ਼ਿਪ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ’ਤੇ ਲੁੱਟ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਲੁੱਟ ਲਈ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨ ਦੇ ਕਟਘਰੇ ’ਚ ਖੜ੍ਹਾ ਕੀਤਾ ਜਾਵੇਗਾ।
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਇਕੱਲੇ ਨਹੀਂ, ਸਗੋਂ ਦਿੱਲੀ ਦੀ AAP ਲੀਡਰਸ਼ਿਪ ਵੀ ਇਸ ਲੁੱਟ ਦੀ ਜ਼ਿੰਮੇਵਾਰ ਹੈ। ਉਨ੍ਹਾਂ ਨੇ ਦਿੱਲੀ ਦੇ ਆਗੂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਲੋਕ ਪੰਜਾਬ ਦੀ ਰਾਜਧਾਨੀ ਅਤੇ ਸਰੋਤਾਂ ਨੂੰ ਲੁੱਟਣ ਆਏ ਹਨ, ਪਰ ਕਾਂਗਰਸ ਇਸ ਦਾ ਹਰ ਕੀਮਤ ’ਤੇ ਜਵਾਬ ਦੇਵੇਗੀ।
ਕੈਬਿਨੇਟ ਮੰਤਰੀ ਹਰਭਜਨ ਸਿੰਘ E.T.O. ਦੇ ਵਿਭਾਗ ਦਾ ਜ਼ਿਕਰ ਕਰਦਿਆਂ ਬਾਜਵਾ ਨੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਸ ਵਿਭਾਗ ਵਿੱਚ ਭਾਰੀ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਲੁੱਟਮਾਰ ਚੱਲ ਰਹੀ ਹੈ, ਜਿਸ ਬਾਰੇ ਉਨ੍ਹਾਂ ਕੋਲ ਪੂਰੀ ਜਾਣਕਾਰੀ ਮੌਜੂਦ ਹੈ। ਤੰਜ ਕੱਸਦਿਆਂ ਬਾਜਵਾ ਨੇ ਕਿਹਾ ਕਿ “ਜੋ ਪਹਿਲਾਂ ਬੈਂਡ ਵਜਾਉਂਦਾ ਸੀ, ਉਹ ਹੁਣ ਪੰਜਾਬ ਦਾ ਬੈਂਡ ਵਜਾ ਰਿਹਾ ਹੈ, ਪਰ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਇਨ੍ਹਾਂ ਸਭ ਦਾ ਬੈਂਡ ਵਜਾਏਗੀ।”
ਆਪਣੇ ਸਮਰਥਕਾਂ ਨੂੰ ਸੰਦੇਸ਼ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਮੈਦਾਨ ਛੱਡ ਕੇ ਭੱਜਣ ਵਾਲੇ ਨਹੀਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਗੁਰੂ ਮਹਾਰਾਜ ਦੀ ਮੇਹਰ ਨਾਲ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਪੰਜਾਬ ਨੂੰ ਲੁੱਟਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਹਰ ਇੱਕ ਨੂੰ ਕਾਨੂੰਨ ਦੇ ਕਟਘਰੇ ’ਚ ਲਿਆਂਦਾ ਜਾਵੇਗਾ।