ਬਿਊਰੋ : ਤਰਨ ਤਾਰਨ ਤੋਂ ਸਾਹਮਣੇ ਆਇਆ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਪੂਰੇ ਪੰਜਾਬ ਨੂੰ ਸੋਚਣ ‘ਤੇ ਮਜਬੂਰ ਕਰ ਰਿਹਾ ਹੈ। ਲੋ ਕਾਲਜ ਤਰਨ ਤਾਰਨ ਦੇ ਅੰਦਰ ਵੈਲੰਟਾਈਨ ਵੀਕ ਦੇ ਦੌਰਾਨ ਇੱਕ ਨੌਜਵਾਨ ਵੱਲੋਂ ਨੌਜਵਾਨੀ ਦੀ ਨਾਪੱਕ ਸੋਚ ਦਾ ਐਸਾ ਭਿਆਨਕ ਰੂਪ ਦੇਖਣ ਨੂੰ ਮਿਲਿਆ, ਜਿਸ ਨੇ ਸਿੱਖਿਆ ਸੰਸਥਾਵਾਂ ਦੀ ਸੁਰੱਖਿਆ ਤੇ ਪ੍ਰਸ਼ਾਸਨ ਦੀ ਨੀਅਤ ਦੋਵਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ, ਇੱਕ ਲੜਕੇ ਨੇ ਤਰਨ ਤਾਰਨ ਦੀ ਰਹਿਣ ਵਾਲੀ ਲੜਕੀ ਨੂੰ ਪ੍ਰਪੋਜ਼ ਕੀਤਾ। ਲੜਕੀ ਵੱਲੋਂ ਇਨਕਾਰ ਕਰਨ ‘ਤੇ ਗੁੱਸੇ ਵਿੱਚ ਆ ਕੇ ਨੌਜਵਾਨ ਨੇ ਕਾਲਜ ਅੰਦਰ ਹੀ ਲੜਕੀ ‘ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਸਿਰਫ਼ ਇੱਕ ਅਪਰਾਧ ਨਹੀਂ, ਸਗੋਂ ਪੰਜਾਬ ਦੀ ਬਦਲ ਰਹੀ ਸੋਚ ਅਤੇ ਖ਼ਰਾਬ ਹੋ ਰਹੀ ਕਾਨੂੰਨੀ ਹਾਲਤ ਦਾ ਦਰਦਨਾਕ ਦਰਪਣ ਹੈ।
ਸਭ ਤੋਂ ਵੱਡਾ ਅਤੇ ਗੰਭੀਰ ਸਵਾਲ ਇਹ ਹੈ ਕਿ ਅੱਜ ਪੰਜਾਬ ਦੇ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਦੀ ਥਾਂ ਰਿਵਾਲਵਰ ਕਿਵੇਂ ਪਹੁੰਚ ਰਹੇ ਹਨ? ਕਾਲਜਾਂ ਦੇ ਅੰਦਰ ਹਥਿਆਰ ਕੌਣ ਲੈ ਕੇ ਆ ਰਿਹਾ ਹੈ ਅਤੇ ਕਿਸ ਦੀ ਨਾਕ ਹੇਠ ਇਹ ਸਭ ਕੁਝ ਹੋ ਰਿਹਾ ਹੈ?
ਸਰਕਾਰੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਪੰਜਾਬ ਵਿੱਚ ਹਥਿਆਰਾਂ ਦੇ ਲਾਇਸੰਸ ਪੈਸੇ ਦੇ ਜ਼ੋਰ ‘ਤੇ ਜਾਰੀ ਕੀਤੇ ਜਾ ਰਹੇ ਹਨ। ਸੁਣਨ ਵਿੱਚ ਆ ਰਿਹਾ ਹੈ ਕਿ ਤਿੰਨ ਤੋਂ ਚਾਰ ਲੱਖ ਰੁਪਏ ਦੀ “ਬੋਲੀ” ਲਗਾ ਕੇ ਆਸਾਨੀ ਨਾਲ ਵੈਪਨ ਲਾਇਸੰਸ ਮਿਲ ਰਹੇ ਹਨ। ਜੇ ਇਹ ਗੱਲ ਸੱਚ ਹੈ ਤਾਂ ਇਹ ਸਿੱਧਾ-ਸਿੱਧਾ ਪ੍ਰਸ਼ਾਸਨ ਦੀ ਨਾਕਾਮੀ ਨਹੀਂ, ਬਲਕਿ ਅਪਰਾਧ ਨੂੰ ਖੁੱਲ੍ਹਾ ਨਿਯੋਤਾ ਹੈ।
ਇਹ ਹਾਦਸਾ ਸਿਰਫ਼ ਇੱਕ ਪਰਿਵਾਰ ਦੀ ਤਬਾਹੀ ਨਹੀਂ, ਸਗੋਂ ਪੂਰੇ ਸਮਾਜ ਲਈ ਚੇਤਾਵਨੀ ਹੈ। ਪਿਆਰ ਦੇ ਹਫ਼ਤੇ ‘ਚ ਖੂਨ ਵਹਿਣਾ ਇਹ ਦਰਸਾਉਂਦਾ ਹੈ ਕਿ ਅੱਜ ਦੀ ਨੌਜਵਾਨੀ ਨੂੰ ਨਾ ਕਾਬੂ ਹੈ, ਨਾ ਦਿਸ਼ਾ ਅਤੇ ਨਾ ਹੀ ਡਰ।
ਹੁਣ ਸਵਾਲ ਇਹ ਨਹੀਂ ਕਿ ਦੋਸ਼ੀ ਕੌਣ ਹੈ, ਸਵਾਲ ਇਹ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਕਦੋਂ ਜਾਗੇਗਾ? ਕਦੋਂ ਹਥਿਆਰਾਂ ਦੇ ਲਾਇਸੰਸਾਂ ਦੀ ਨਿਰਪੱਖ ਜਾਂਚ ਹੋਵੇਗੀ? ਕਦੋਂ ਸਿੱਖਿਆ ਸੰਸਥਾਵਾਂ ਨੂੰ ਸੁਰੱਖਿਅਤ ਬਣਾਇਆ ਜਾਵੇਗਾ?
ਜੇ ਅੱਜ ਵੀ ਸਰਕਾਰ ਚੁੱਪ ਰਹੀ, ਤਾਂ ਕੱਲ੍ਹ ਹਰ ਕਾਲਜ, ਹਰ ਸਕੂਲ ਅਤੇ ਹਰ ਗਲੀ ਵਿੱਚ ਅਜਿਹੀ ਘਟਨਾ ਦੁਹਰਾਈ ਜਾ ਸਕਦੀ ਹੈ। ਇਹ ਸਮਾਂ ਹੈ ਸਿਰਫ਼ ਅਫ਼ਸੋਸ ਜਤਾਉਣ ਦਾ ਨਹੀਂ, ਸਗੋਂ ਸਖ਼ਤ ਫੈਸਲੇ ਲੈਣ ਦਾ — ਨਹੀਂ ਤਾਂ ਪੰਜਾਬ ਦੇ ਹਾਲਾਤ ਹੋਰ ਵੀ ਡਰਾਉਣੇ ਹੋਣਗੇ।
(ਜਾਂਚ ਜਾਰੀ, ਪਰ ਸਵਾਲ ਬੇਅੰਤ…)

