ਜਲੰਧਰ (ਸੁਮਿਤ ਕੁਮਾਰ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਮੌਕੇ ਲੱਗੇ ਮੇਲੇ ਦੇ ਸਮਾਪਤ ਹੋਣ ਮਗਰੋਂ ਵੀ ਸੜਕ ਖਾਲੀ ਨਾ ਕਰਨ ’ਤੇ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ। ਇਸ ਦੌਰਾਨ ਫੜੀ ਵਾਲਿਆਂ ਦਾ ਸਮਾਨ ਜਬਤ ਕਰਨ ਨਾਲ ਮੌਕੇ ’ਤੇ ਤਣਾਅਪੂਰਨ ਸਥਿਤੀ ਬਣ ਗਈ ਅਤੇ ਹੰਗਾਮਾ ਹੋ ਗਿਆ।
ਕਾਰਵਾਈ ਦੌਰਾਨ ਇੱਕ ਮਹਿਲਾ ਨਗਰ ਨਿਗਮ ਦੀ ਗੱਡੀ ਦੇ ਅੱਗੇ ਖੜ੍ਹ ਗਈ ਅਤੇ ਜਬਤ ਕੀਤਾ ਜਾ ਰਿਹਾ ਸਮਾਨ ਲੈ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਰਮਚਾਰੀਆਂ ਵੱਲੋਂ ਉਸਨੂੰ ਹਟਾ ਕੇ ਸਮਾਨ ਗੱਡੀ ਵਿੱਚ ਲੋਡ ਕਰ ਲਿਆ ਗਿਆ। ਅਧਿਕਾਰੀਆਂ ਮੁਤਾਬਕ ਇਹ ਮੁਹਿੰਮ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਵਡਾਲਾ ਚੌਕ ਤੱਕ ਚਲਾਈ ਗਈ ਅਤੇ ਦੁਕਾਨਦਾਰਾਂ ਨੂੰ ਪਹਿਲਾਂ ਹੀ ਰਸਤਾ ਖਾਲੀ ਕਰਨ ਲਈ ਸਪਸ਼ਟ ਚੇਤਾਵਨੀ ਦਿੱਤੀ ਗਈ ਸੀ। 
ਦੂਜੇ ਪਾਸੇ ਫੜੀ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮਾਨ ਸਮੇਟਣ ਲਈ ਪੂਰਾ ਸਮਾਂ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਸਮਾਨ ਪੈਕ ਹੀ ਕਰ ਰਹੇ ਸਨ ਕਿ ਅਚਾਨਕ ਕਾਰਵਾਈ ਸ਼ੁਰੂ ਹੋ ਗਈ। ਫੜੀ ਵਾਲਿਆਂ ਨੇ ਇਹ ਵੀ ਆਰੋਪ ਲਗਾਇਆ ਕਿ ਮੇਲੇ ਦੌਰਾਨ ਆਮਦਨ ਘੱਟ ਰਹੀ, ਜਦਕਿ ਕੀਮਤੀ ਸਮਾਨ ਜਬਤ ਕਰ ਲਿਆ ਗਿਆ।
ਇਸ ਸਬੰਧੀ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਅਤਿਕ੍ਰਮਣ ਨਹੀਂ ਹਟਾਇਆ ਗਿਆ, ਜਿਸ ਕਾਰਨ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਲਾਜ਼ਮੀ ਸੀ। ਪ੍ਰਸ਼ਾਸਨ ਨੇ ਅੱਗੇ ਵੀ ਸੜਕਾਂ ’ਤੇ ਅਤਿਕ੍ਰਮਣ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਣ ਦੇ ਸੰਕੇਤ ਦਿੱਤੇ ਹਨ।
— ਪੱਤਰਕਾਰ: ਸੁਮਿਤ ਕੁਮਾਰ




