ਜਲੰਧਰ (ਸੁਮਿਤ ਕੁਮਾਰ)| 9 ਫਰਵਰੀ 2026
ਲਤੀਫਪੁਰਾ ਮੁੜ ਵਸੇਬਾ ਮੋਰਚੇ ਨੂੰ ਅੱਜ 1128 ਦਿਨ ਪੂਰੇ ਹੋ ਗਏ ਹਨ, ਪਰ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਆਪਣੇ ਘਰਾਂ ਦੀ ਪੂਰਤੀ ਲਈ ਇਨਸਾਫ਼ ਨਹੀਂ ਮਿਲਿਆ। 9 ਦਸੰਬਰ 2022 ਤੋਂ ਨਿਰਵਿਘਨ ਚੱਲ ਰਹੇ ਇਸ ਮੋਰਚੇ ਤਹਿਤ ਅੱਜ ਲਤੀਫਪੁਰਾ ਵਿੱਚ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ਮੋਰਚੇ ਦੇ ਆਗੂਆਂ ਅਤੇ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਸੀਨੀਅਰ ਆਗੂ ਲਖਵੀਰ ਸਿੰਘ ਖਾਲਸਾ ਸੌਂਟੀ ਨੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਤੀਫਪੁਰਾ ਵਿੱਚ ਪਿਛਲੇ ਕਰੀਬ 78 ਸਾਲਾਂ ਤੋਂ ਵੱਸਦੇ ਆ ਰਹੇ ਪਰਿਵਾਰਾਂ ਦੇ ਘਰਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਢਾਹ ਕੇ ਲੋਕਾਂ ਨੂੰ ਸੜਕਾਂ ’ਤੇ ਰਹਿਣ ਲਈ ਮਜਬੂਰ ਕਰ ਦਿੱਤਾ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਕੋਲ ਇਸ ਜ਼ਮੀਨ ਦੀ ਮਾਲਕੀ ਸਾਬਤ ਕਰਨ ਲਈ ਕੋਈ ਵੀ ਢੁੱਕਵਾਂ ਸਬੂਤ ਨਹੀਂ ਹੈ, ਜਦਕਿ ਪੀੜਤ ਪਰਿਵਾਰਾਂ ਕੋਲ ਜ਼ਮੀਨ ਸਬੰਧੀ ਸਾਰੇ ਕਾਨੂੰਨੀ ਦਸਤਾਵੇਜ਼ ਮੌਜੂਦ ਹਨ। ਇਸ ਦੇ ਬਾਵਜੂਦ ਤਿੰਨ ਸਾਲ ਅਤੇ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਿਆਂ ਨਹੀਂ ਮਿਲਿਆ।
ਮੋਰਚੇ ਦੇ ਆਗੂਆਂ ਨੇ ਸਪਸ਼ਟ ਕੀਤਾ ਕਿ ਜਦ ਤੱਕ ਲਤੀਫਪੁਰਾ ਦੇ ਪੀੜਤ ਪਰਿਵਾਰਾਂ ਨੂੰ ਮੁੜ ਘਰ ਨਹੀਂ ਮਿਲਦੇ, ਤਦ ਤੱਕ ਇਹ ਮੋਰਚਾ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਭੈਣ ਪਲਵਿੰਦਰ ਕੌਰ, ਗੁਰਮੱਖ ਸਿੰਘ ਬਾਜਵਾ, ਗੁਰਬਖ਼ਸ਼ ਸਿੰਘ ਮੰਗਾ, ਨਿਹਾਲ ਸਿੰਘ ਖਾਲਸਾ, ਰਣਜੋਧ ਸਿੰਘ ਖਾਲਸਾ, ਚਰਨ ਸਿੰਘ ਕੁੰਭ, ਚਰਨ ਸਿੰਘ ਭੱਦਲਥੂਹਾ, ਪ੍ਰੇਮ ਸਿੰਘ, ਗਿਆਨੀ ਸਿੰਘ, ਸਨੀ ਸਿੰਘ, ਰਛਪਾਲ ਸਿੰਘ, ਸਰਬਜੀਤ ਸਿੰਘ, ਹਰੀ ਸਿੰਘ ਫੌਜੀ, ਮਨਦੀਪ ਸਿੰਘ ਦੀਪੂ, ਰਣਜੀਤ ਸਿੰਘ ਜੀਤੂ, ਹਰਵਿੰਦਰ ਸਿੰਘ ਸਨੀ, ਸੁਖਰਾਜ ਸਿੰਘ, ਅਨਿਲ ਨਾਇਕ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਪੀੜਤ ਪਰਿਵਾਰ ਹਾਜ਼ਰ ਰਹੇ।
ਇਕੱਠ ਤੋਂ ਬਾਅਦ ਮੋਰਚੇ ਵੱਲੋਂ ਲਤੀਫਪੁਰਾ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਕਾਲੇ ਝੰਡੇ ਲਹਿਰਾ ਕੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਗਟ ਕੀਤਾ

