ਸਿੱਖ ਤਾਲਮੇਲ ਕਮੇਟੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਇਆ

ਜਲੰਧਰ (ਮਨਪ੍ਰੀਤ): ਸਿੱਖ ਤਾਲਮੇਲ ਕਮੇਟੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ ਦੇ ਸਹਿਯੋਗ ਨਾਲ ਪੁਲੀ ਅਲੀ ਮਹੱਲਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਸਮਾਗਮ ਦੀ ਸ਼ੁਰੂਆਤ ਸੰਗਤੀ ਰੂਪ ਵਿੱਚ ਪੰਜ ਚੌਪਈ ਸਾਹਿਬ ਦੇ ਪਾਠ ਨਾਲ ਹੋਈ। ਇਸ ਉਪਰੰਤ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਬੋਲਣ ਵਾਲਿਆਂ ਨੇ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਦੇ ਕੇ ਨੌਜਵਾਨਾਂ ਵਿੱਚ ਨਵੀਂ ਚੇਤਨਾ ਪੈਦਾ ਕੀਤੀ।
ਵਕਤਾਵਾਂ ਵਿੱਚ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਕਮਲਜੀਤ ਸਿੰਘ ਟੋਨੀ, ਸਤਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਅਤੇ ਪਰਮਪ੍ਰੀਤ ਸਿੰਘ ਵਿਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਕਹਿਣੀ ਅਤੇ ਕਰਣੀ ਦੇ ਪੱਕੇ ਸਨ ਅਤੇ ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਅਤੇ ਗੁਰਮਰਿਆਦਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਲਈ ਸੰਤਾਂ ਅਤੇ ਅਨੇਕ ਸਿੰਘ-ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ। ਅਖੀਰ ਵਿੱਚ ਸੰਗਤਾਂ ਵਿੱਚ ਕੜਾਹ ਪ੍ਰਸ਼ਾਦ ਅਤੇ ਅਟੁੱਟ ਲੰਗਰ ਵਰਤਾਇਆ ਗਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਨਾਗੀ, ਪਲਵਿੰਦਰ ਸਿੰਘ ਮੰਗਾ, ਤੇਜਿੰਦਰ ਸਿੰਘ ਸੰਤ ਨਗਰ, ਅਮਨਦੀਪ ਸਿੰਘ ਬੱਗਾ, ਅਮਰਜੀਤ ਸਿੰਘ, ਗੁਰਦੇਵ ਨਗਰ, ਹਰਪ੍ਰੀਤ ਸਿੰਘ ਸੋਨੂ, ਹਰਪਾਲ ਸਿੰਘ ਪਾਲੀ ਚੱਢਾ, ਪਰਦੀਪ ਸਿੰਘ ਵਿੱਕੀ, ਲਖਬੀਰ ਸਿੰਘ ਲੱਕੀ ਨਾਹਰ, ਹਰਨੇਕ ਸਿੰਘ ਨੇਕੀ, ਕਮਲਜੀਤ ਸਿੰਘ, ਮਨਪ੍ਰੀਤ ਸਿੰਘ ਬਿੰਦਰਾ, ਮਨਜੋਤ ਸਿੰਘ ਅਤੇ ਮਨਮਿੰਦਰ ਸਿੰਘ ਭਾਟੀਆ ਆਦਿ ਹਾਜ਼ਰ ਸਨ।