ਸੰਤ ਭਿੰਡਰਾਂਵਾਲਿਆਂ ਦੀ ਫੋਟੋ ਲਗਾਉਣ ਕਾਰਨ ਸਿੱਖ ਨੌਜਵਾਨ ਨਾਲ ਤਸ਼ੱਦਦ, ਦੋਸ਼ੀ ਪੁਲਿਸ ਮੁਲਾਜ਼ਮ ਤੁਰੰਤ ਬਰਖਾਸਤ ਕੀਤੇ ਜਾਣ : ਸਿੱਖ ਤਾਲਮੇਲ ਕਮੇਟੀ

ਲੁਧਿਆਣਾ:
ਲੁਧਿਆਣਾ ਦੇ ਘੰਟਾ ਘਰ ਨੇੜੇ ਇੱਕ ਸਿੱਖ ਨੌਜਵਾਨ ਨਾਲ ਪੁਲਿਸ ਵੱਲੋਂ ਕੀਤੇ ਗਏ ਅਨਮਨੁੱਖੀ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਤਾਲਮੇਲ ਕਮੇਟੀ ਨੇ ਇਸ ਘਟਨਾ ਦੀ ਕੜੀ ਨਿੰਦਾ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਘੰਟਾ ਘਰ ਦੇ ਨੇੜੇ ਸਿੱਖ ਨੌਜਵਾਨ ਰਣਜੋਤ ਸਿੰਘ ਦੀ ਕਾਰ ਕਿਸੇ ਹੋਰ ਗੱਡੀ ਨਾਲ ਟਕਰਾ ਗਈ। ਇਸ ਘਟਨਾ ਤੋਂ ਬਾਅਦ ਰਣਜੋਤ ਸਿੰਘ ਨੇ ਆਪਣੀ ਗਲਤੀ ਮੰਨਦੇ ਹੋਏ ਹਰ ਤਰ੍ਹਾਂ ਦਾ ਹਰਜਾਨਾ ਭਰਨ ਲਈ ਸਹਿਮਤੀ ਵੀ ਜ਼ਾਹਰ ਕੀਤੀ। ਇਸ ਦੇ ਬਾਵਜੂਦ ਦੂਜੀ ਧਿਰ ਵੱਲੋਂ ਲੁਧਿਆਣਾ ਦੀ ਕਲਾਸ ਚੌਂਕੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਦੋਸ਼ ਲਗਾਇਆ ਗਿਆ ਹੈ ਕਿ ਰਣਜੋਤ ਸਿੰਘ ਦੀ ਕਾਰ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਲੱਗੀ ਹੋਣ ਕਾਰਨ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪੀੜਤ ਨੌਜਵਾਨ ਦੇ ਨੌਹ ਵੀ ਪੁੱਟੇ ਗਏ ਅਤੇ ਉਸ ਨਾਲ ਅਪਮਾਨਜਨਕ ਭਾਸ਼ਾ ਵਰਤੀ ਗਈ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ ਅਤੇ ਹਰਵਿੰਦਰ ਸਿੰਘ ਚਿਟਕਾਰਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪੁਲਿਸ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਕਿ ਧਾਰਮਿਕ ਭਾਵਨਾਵਾਂ ਨਾਲ ਜੁੜੀ ਫੋਟੋ ਲਗਾਉਣ ਵਾਲੇ ਨੌਜਵਾਨ ਉੱਤੇ ਅਨਮਨੁੱਖੀ ਤਸ਼ੱਦਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਵਿੱਚ ਚਾਰ ਪੁਲਿਸ ਮੁਲਾਜ਼ਮ ਸ਼ਾਮਲ ਹਨ। ਕਮੇਟੀ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਅਪੀਲ ਕੀਤੀ ਗਈ ਹੈ ਕਿ ਦੋਸ਼ੀ ਮੁਲਾਜ਼ਮਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖ ਕੌਮ ਦੇ ਰੋਲ ਮਾਡਲ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸਨ। ਪੁਲਿਸ ਦੀਆਂ ਅਜਿਹੀਆਂ ਹਰਕਤਾਂ ਨਾਲ ਸਿੱਖ ਨੌਜਵਾਨਾਂ ਦੇ ਦਿਲਾਂ ਵਿੱਚੋਂ ਉਨ੍ਹਾਂ ਲਈ ਆਦਰ ਘਟਾਇਆ ਨਹੀਂ ਜਾ ਸਕਦਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਅਜਿਹੀ ਆਪਹੁਦਰੀ ਅਤੇ ਧੱਕੇਸ਼ਾਹੀ ਜਾਰੀ ਰਹੀ ਤਾਂ ਸਿੱਖ ਨੌਜਵਾਨਾਂ ਵਿੱਚ ਰੋਹ ਹੋਰ ਭੜਕ ਸਕਦਾ ਹੈ, ਜੋ ਪੰਜਾਬ ਦੇ ਭਲੇ ਵਿੱਚ ਨਹੀਂ ਹੈ। ਪੰਜਾਬ ਪਹਿਲਾਂ ਹੀ ਕਈ ਤਰ੍ਹਾਂ ਦੇ ਸੰਤਾਪਾਂ ਵਿਚੋਂ ਲੰਘ ਚੁੱਕਾ ਹੈ ਅਤੇ ਅਜਿਹੀਆਂ ਘਟਨਾਵਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਪਾਲੀ ਚੱਢਾ, ਪ੍ਰਭਜੋਤ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ, ਹਰਪ੍ਰੀਤ ਸਿੰਘ ਸੋਨੂ ਅਤੇ ਅਵਨੀਤ ਸਿੰਘ ਵੀ ਹਾਜ਼ਰ ਸਨ।
— ਪੱਤਰਕਾਰ ਮਨਪ੍ਰੀਤ