ਹੋਲੀ ਦੇ ਮੌਕੇ ਹੁੱਲੜਬਾਜੀ ਦਾ ਜ਼ੋਰ, ਮਕਸੂਦਾ ਚੌਂਕ ‘ਚ ਪੁਲਿਸ ਨਾਕਾ ਸੁੰਨਾ – ਬਿਨਾਂ ਸਾਇਲੈਂਸਰ ਬਾਈਕਾਂ ਨਾਲ ਜਵਾਨਾਂ ਦੀ ਦਹਿਸ਼ਤ

ਜਲੰਧਰ (ਸੁਮਿਤ ਕੁਮਾਰ) :-ਹੋਲੀ ਦੇ ਪਾਵਨ ਤਿਉਹਾਰ ਮੌਕੇ ਜਿੱਥੇ ਲੋਕ ਰੰਗਾਂ ਦੇ ਨਾਲ ਖੁਸ਼ੀਆਂ ਮਨਾਉਂਦੇ ਨਜ਼ਰ ਆ ਰਹੇ ਹਨ, ਉੱਥੇ ਕਈ ਥਾਵਾਂ ‘ਤੇ ਹੁੱਲੜਬਾਜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੁਝ ਜਵਾਨ ਬਾਈਕਾਂ ‘ਤੇ ਟੋਲੀਆਂ ਬਣਾਕੇ ਘੁੰਮਦੇ ਹੋਏ ਬਿਨਾਂ ਸਾਇਲੈਂਸਰ ਦੇ ਮੋਟਰਸਾਈਕਲ ਚਲਾ ਕੇ ਅਤੇ ਉੱਚੀ ਆਵਾਜ਼ਾਂ ਵਿੱਚ ਸ਼ੋਰ ਮਚਾਉਂਦੇ ਹੋਏ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ।
ਇਸੇ ਦੌਰਾਨ ਮਕਸੂਦਾ ਚੌਂਕ ਵਿੱਚ, ਜੋ ਕਿ ਥਾਣਾ ਡਿਵੀਜ਼ਨ ਨੰਬਰ 1 ਦੀ ਹਦੂਦ ਵਿੱਚ ਆਉਂਦਾ ਹੈ, ਮੇਨ ਚੌਂਕ ‘ਤੇ ਲੱਗੇ ਨਾਕੇ ‘ਤੇ ਕੋਈ ਵੀ ਪੁਲਿਸ ਮੁਲਾਜ਼ਮ ਤੈਨਾਤ ਨਹੀਂ ਮਿਲਿਆ। ਜਦਕਿ ਹੋਲੀ ਵਰਗੇ ਤਿਉਹਾਰਾਂ ਦੇ ਮੌਕੇ ‘ਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਪਰ ਮੌਕੇ ‘ਤੇ ਪੁਲਿਸ ਦੀ ਗੈਰਹਾਜ਼ਰੀ ਕਈ ਸਵਾਲ ਖੜੇ ਕਰਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੇਨ ਚੌਂਕਾਂ ‘ਤੇ ਲਗਾਏ ਗਏ ਨਾਕਿਆਂ ‘ਤੇ ਵੀ ਪੁਲਿਸ ਮੁਲਾਜ਼ਮ ਮੌਜੂਦ ਨਾ ਹੋਣ, ਤਾਂ ਫਿਰ ਹੁੱਲੜਬਾਜੀ ਕਰਨ ਵਾਲੇ ਤੱਤਾਂ ‘ਤੇ ਕਿਵੇਂ ਨੱਥ ਪਾਈ ਜਾਵੇਗੀ। ਬਿਨਾਂ ਸਾਇਲੈਂਸਰ ਵਾਲੀਆਂ ਬਾਈਕਾਂ ਅਤੇ ਬੇਪਰਵਾਹੀ ਨਾਲ ਕੀਤੀ ਜਾ ਰਹੀ ਡਰਾਈਵਿੰਗ ਕਾਰਨ ਆਮ ਲੋਕ ਅਤੇ ਪਰਿਵਾਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਿਉਹਾਰਾਂ ਦੇ ਮੌਕੇ ‘ਤੇ ਚੌਕਸੀ ਵਧਾਈ ਜਾਵੇ ਅਤੇ ਮੁੱਖ ਚੌਂਕਾਂ ‘ਤੇ ਨਾਕੇ ਮਜ਼ਬੂਤੀ ਨਾਲ ਲਗਾ ਕੇ ਹੁੱਲੜਬਾਜੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ।