ਮਾਮੇ ਦੇ ਢਾਬੇ ਮਾਮਲਾ – SHO ਤੋਂ ACP ਤੱਕ ਸਵਾਲਾਂ ਦੇ ਘੇਰੇ ‘ਚ? ਭਾਗ–5

ਜਲੰਧਰ (ਸੁਮਿਤ ਕੁਮਾਰ): ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਨੇ ਹੁਣ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਹੋਰ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਸੂਤਰਾਂ ਅਨੁਸਾਰ ਦੋਸ਼ ਲੱਗ ਰਹੇ ਹਨ ਕਿ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਸਮੇਤ ਪੂਰੇ ਥਾਣੇ ਦੇ ਕੁਝ ਮੁਲਾਜ਼ਮ ਇਸ ਢਾਬੇ ‘ਤੇ ਅਕਸਰ ਫਰੀ ਖਾਣ-ਪੀਣ ਲਈ ਆਉਂਦੇ ਹਨ। ਕਿਹਾ ਜਾ ਰਿਹਾ ਹੈ ਕਿ ਖਾਣ-ਪੀਣ ਦੇ ਨਾਤੇ ਹਫ਼ਤਾ ਵਸੂਲੀ ਕਰਕੇ ਇਹ ਨਜਾਇਜ਼ ਕਾਰੋਬਾਰ ਇਲਾਕੇ ਵਿੱਚ ਚੱਲਣ ਦਿੱਤਾ ਜਾ ਰਿਹਾ ਹੈ।

ਇਸ ਮਾਮਲੇ ਵਿੱਚ ਹੋਰ ਹੈਰਾਨੀਜਨਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਲਾਕੇ ਦੇ ਏਸੀਪੀ ਦਾ ਧਿਆਨ ਵੀ ਇਸ ਢਾਬੇ ਵੱਲ ਗਿਆ ਸੀ, ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਲੋਕਾਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਕੀ ਇਸ ਮਾਮਲੇ ਵਿੱਚ ਉੱਚ ਅਧਿਕਾਰੀਆਂ ਦੀ ਵੀ ਸੈਟਿੰਗ ਹੋ ਚੁੱਕੀ ਹੈ?

“ਮਾਮੇ ਦਾ ਢਾਬਾ” ਲਗਾਤਾਰ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਕਾਰਨ ਸੁਰਖੀਆਂ ਵਿੱਚ ਹੈ, ਪਰ ਇਸ ਦੇ ਬਾਵਜੂਦ ਵੀ ਡਿਵੀਜ਼ਨ ਨੰਬਰ 2 ਦੀ ਪੁਲਿਸ ਅਤੇ ਸੰਬੰਧਿਤ ਅਧਿਕਾਰੀ ਕਾਰਵਾਈ ਕਰਨ ਤੋਂ ਪਿੱਛੇ ਹਟਦੇ ਨਜ਼ਰ ਆ ਰਹੇ ਹਨ। ਇਸ ਸਾਰੀ ਸਥਿਤੀ ਤੋਂ ਲੋਕਾਂ ਵਿੱਚ ਇਹ ਸੰਦੇਹ ਪੈਦਾ ਹੋ ਰਿਹਾ ਹੈ ਕਿ ਕਿਤੇ ਰਿਸ਼ਵਤ ਦੀ “ਖੁਸ਼ਬੂ” ਉੱਚ ਪੱਧਰ ਤੱਕ ਤਾਂ ਨਹੀਂ ਪਹੁੰਚ ਰਹੀ।

ਦੂਜੇ ਪਾਸੇ ਜੇ ਗੱਲ ਐਕਸਾਈਜ਼ ਵਿਭਾਗ ਦੀ ਕੀਤੀ ਜਾਵੇ ਤਾਂ ਇਹ ਵਿਭਾਗ ਵੀ ਕਾਫੀ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਈ ਢਾਬਿਆਂ ਅਤੇ ਰੈਸਟੋਰੈਂਟਾਂ ‘ਤੇ ਐਕਸਾਈਜ਼ ਦੇ ਕਰਮਚਾਰੀ ਰੋਜ਼ਾਨਾ ਦੀ ਪਰਚੀ ਲਗਾਉਂਦੇ ਹਨ, ਜਿਸਨੂੰ ਅਹਾਤੇ ਦੀ ਤਰ੍ਹਾਂ ਦਿਖਾਇਆ ਜਾਂਦਾ ਹੈ। ਦੋਸ਼ ਇਹ ਵੀ ਲੱਗ ਰਹੇ ਹਨ ਕਿ “ਡੇਲੀ ਪਰਚੀ” ਦੇ ਨਾਮ ‘ਤੇ ਰਿਸ਼ਵਤ ਲੈ ਕੇ ਇਹਨਾਂ ਢਾਬਿਆਂ ‘ਤੇ ਸ਼ਰਾਬ ਦਾ ਸੇਵਨ ਖੁੱਲ੍ਹੇਆਮ ਕਰਵਾਇਆ ਜਾਂਦਾ ਹੈ।

ਇਸ ਸਾਰੇ ਮਾਮਲੇ ਨੂੰ ਲੈ ਕੇ ਆਰਟੀਆਈ ਏਜੰਸੀ ਆਫ ਇੰਡੀਆ ਵੱਲੋਂ ਪਹਿਲਾਂ ਹੀ ਡਾਇਰੈਕਟਰ ਜਨਰਲ ਆਫ ਪੁਲਿਸ (DGP) ਨੂੰ ਲਿਖਤੀ ਸ਼ਿਕਾਇਤ ਭੇਜ ਕੇ ਸੰਬੰਧਿਤ ਏਸੀਪੀ, ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਅਤੇ ਮਾਮੇ ਦੇ ਢਾਬੇ ਦੇ ਸੰਚਾਲਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਐਕਸਾਈਜ਼ ਵਿਭਾਗ ਦੀ ਭੂਮਿਕਾ ਨੂੰ ਲੈ ਕੇ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਜਲਦ ਹੀ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਡਿਵੀਜ਼ਨ ਨੰਬਰ 2 ਦੇ ਐਸਐਚਓ ਦੀ ਰਿਟਾਇਰਮੈਂਟ ਨੇੜੇ ਆ ਚੁੱਕੀ ਹੈ। ਇਲਾਕੇ ਵਿੱਚ ਚਰਚਾ ਹੈ ਕਿ ਇਸੇ ਕਾਰਨ ਉਹ ਆਪਣੇ ਖੇਤਰ ਵਿੱਚ ਚੱਲ ਰਹੇ ਨਜਾਇਜ਼ ਕਾਰੋਬਾਰਾਂ ‘ਤੇ ਸਖ਼ਤੀ ਕਰਨ ਦੀ ਬਜਾਏ ਉਨ੍ਹਾਂ ਨੂੰ ਚੱਲਣ ਦੇ ਰਹੇ ਹਨ। ਕੁਝ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਇਨ੍ਹਾਂ ਦਿਨਾਂ ਵਿੱਚ ਹਫ਼ਤਾ ਵਸੂਲੀ ਦੀ ਥਾਂ ਰੋਜ਼ਾਨਾ ਵਸੂਲੀ ਹੋ ਰਹੀ ਹੈ ਤਾਂ ਜੋ ਰਿਟਾਇਰਮੈਂਟ ਤੋਂ ਪਹਿਲਾਂ ਵੱਧ ਤੋਂ ਵੱਧ ਪੈਸਾ ਇਕੱਠਾ ਕੀਤਾ ਜਾ ਸਕੇ।

ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਇਸ ਮਾਮਲੇ ਵਿੱਚ ਕਦ ਤੱਕ ਸਖ਼ਤ ਕਾਰਵਾਈ ਕਰਦੇ ਹਨ ਜਾਂ ਫਿਰ ਇਹ ਨਜਾਇਜ਼ ਧੰਦਾ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ।