ਜਲੰਧਰ (ਮਨਪ੍ਰੀਤ) : ਹਿਊਮਨ ਕੇਅਰ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਅਤੇ ਸਮਾਜ ਸੇਵੀ ਪਾਸਟਰ ਗੌਰਵ ਮਸੀਹ ਗਿੱਲ ਵੱਲੋਂ ਪੰਜਾਬ ਸਰਕਾਰ ਦੇ ਜਲ ਸਰੋਤ, ਖਣਨ, ਮਿੱਟੀ ਤੇ ਜਲ ਸੰਰੱਖਣ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨਾਲ ਖਾਸ ਮੁਲਾਕਾਤ ਕੀਤੀ ਗਈ।
ਇਸ ਦੌਰਾਨ ਪਾਸਟਰ ਗੌਰਵ ਮਸੀਹ ਗਿੱਲ ਨੇ ਮਾਨਸੂਨ ਤੋਂ ਪਹਿਲਾਂ ਸੂਬੇ ਦੇ ਨਿਕਾਸੀ ਨਾਲਿਆਂ (drains) ਦੀ ਤੁਰੰਤ ਸਫਾਈ ਦੀ ਮੰਗ ਰੱਖੀ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹੜ੍ਹਾਂ ਵਰਗੀ ਗੰਭੀਰ ਸਥਿਤੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ 2025 ਵਿੱਚ ਆਏ ਹੜ੍ਹ ਕੁਦਰਤੀ ਆਫ਼ਤ ਘੱਟ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਦਾ ਨਤੀਜਾ ਜ਼ਿਆਦਾ ਸਨ। ਨਾਲਿਆਂ ਦੀ ਸਹੀ ਸਫਾਈ ਅਤੇ ਮੁਰੰਮਤ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ, ਜਿਸ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੋਇਆ।
ਮਿਲੀ ਜਾਣਕਾਰੀ ਮੁਤਾਬਕ, ਲਗਭਗ 3.7 ਲੱਖ ਏਕੜ ਤੋਂ ਵੱਧ ਕਿਸਾਨਾਂ ਦੀ ਜ਼ਮੀਨ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਸੀ। ਇਸ ਕਰਕੇ ਸਮਾਜ ਸੇਵੀ ਸੰਸਥਾ ਵੱਲੋਂ ਮੰਗ ਕੀਤੀ ਗਈ ਹੈ ਕਿ 15 ਮਈ ਤੱਕ ਸਾਰੇ ਨਾਲਿਆਂ ਦੀ ਸਫਾਈ ਦਾ ਕੰਮ ਮੁਕੰਮਲ ਕੀਤਾ ਜਾਵੇ।
ਪਾਸਟਰ ਗੌਰਵ ਮਸੀਹ ਗਿੱਲ ਨੇ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਬੰਧ ਕੀਤੇ ਜਾਣ, ਤਾਂ ਭਵਿੱਖ ਵਿੱਚ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ।
