ਕੱਲ੍ਹ 17 ਅਪ੍ਰੈਲ ਦੁਪਹਿਰ 2 rਵਜੇ ਧਰਨਾ, ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਪੁਤਲਾ ਸਾੜਨ ਦਾ ਐਲਾਨ
ਜਲੰਧਰ, 16 ਅਪ੍ਰੈਲ (ਮਨੀ ਕੁਮਾਰ ਅਰੋੜਾ) — ਰਾਮਾਮੰਡੀ ਦੇ ਨਿਊ ਦਸਮੇਸ਼ ਨਗਰ ਵਿੱਚ ਚਿੱਟੇ ਦਿਨ ਹੋਈ ਘਟਨਾ ਨੇ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਦੀ ਮੌਜੂਦਗੀ ਵਿੱਚ ਘਰ ਦੇ ਤਾਲੇ ਤੋੜ ਕੇ ਸਮਾਨ ਲਿਜਾਣ ਦੀ ਕਾਰਵਾਈ ਨੂੰ ਸਿੱਧੀ ਗੁੰਡਾਗਰਦੀ ਕਰਾਰ ਦਿੰਦਿਆਂ ਸਮਾਜਿਕ ਆਗੂਆਂ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ।
ਪੀੜਤ ਨਰੇਸ਼ ਕੁਮਾਰ ਨੇ ਦੱਸਿਆ ਕਿ 4 ਅਪ੍ਰੈਲ ਨੂੰ ਕਰੀਬ 10:30 ਵਜੇ, ਜਦੋਂ ਉਸ ਦੀ ਪਤਨੀ ਘਰ ਵਿੱਚ ਇਕੱਲੀ ਸੀ, ਉਸ ਦੀ ਨੂੰਹ ਡੋਲੀ ਪਾਲ ਆਪਣੇ ਭਰਾ ਦਵਿੰਦਰ ਪਾਲ ਅਤੇ ਹੋਰ ਸਾਥੀਆਂ ਨਾਲ ਆਈ ਅਤੇ ਗੇਟ ਟੱਪ ਕੇ ਘਰ ਵਿੱਚ ਦਾਖਲ ਹੋ ਗਈ। ਉਨ੍ਹਾਂ ਨੇ ਅੰਦਰ ਲੱਗੇ ਤਾਲੇ ਤੋੜਣੇ ਸ਼ੁਰੂ ਕਰ ਦਿੱਤੇ। ਸੂਚਨਾ ਮਿਲਣ ‘ਤੇ ਪਰਿਵਾਰ ਨੇ 112 ‘ਤੇ ਕਾਲ ਕੀਤੀ ਅਤੇ ਖੁਦ ਵੀ ਮੌਕੇ ‘ਤੇ ਪਹੁੰਚੇ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਕਾਰਵਾਈ ਰੋਕਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਪਰ ਬਾਅਦ ਵਿੱਚ ਕਿਸੇ ਨਾਲ ਗੱਲ ਕਰਨ ਤੋਂ ਬਾਅਦ ਚੁੱਪਚਾਪ ਪਾਸੇ ਹੋ ਗਏ। ਇਸ ਤੋਂ ਬਾਅਦ ਦੋਸ਼ੀਆਂ ਨੇ ਘਰ ਦਾ ਸਾਰਾ ਸਮਾਨ ਟਰੱਕ ਵਿੱਚ ਭਰ ਕੇ ਲਿਜਾਣ ਦੇ ਨਾਲ-ਨਾਲ ਗਾਲੀ-ਗਲੋਚ ਅਤੇ ਧਮਕੀਆਂ ਵੀ ਦਿੱਤੀਆਂ।
ਪੀੜਤ ਪਰਿਵਾਰ ਮੁਤਾਬਕ, 7 ਮਾਰਚ ਨੂੰ ਵੀ ਇਸੇ ਤਰ੍ਹਾਂ ਦੀ ਘਟਨਾ ਹੋ ਚੁੱਕੀ ਹੈ ਪਰ ਸ਼ਿਕਾਇਤ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਹੁਣ ਵੀ ਸੀਸੀਟੀਵੀ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ‘ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਪੀੜਤਾਂ ਨੇ ਏਸੀਪੀ ਹੈਡਕੁਆਰਟਰ ਮਨਮੋਹਨ ਸਿੰਘ ‘ਤੇ ਵੀ ਅਣਗਹਿਲੀ ਦੇ ਦੋਸ਼ ਲਗਾਏ ਹਨ।
ਇਸ ਮੌਕੇ ਤਹਿਲਕਾ ਐਂਟੀ ਕਰੱਪਸ਼ਨ ਸੋਸਾਇਟੀ ਦੇ ਆਰਗੇਨਾਈਜ਼ਰ ਰਾਜ ਕੁਮਾਰ ਅਰੋੜਾ ਨੇ ਕਿਹਾ, “ਜੇ ਪੁਲਿਸ ਦੀ ਮੌਜੂਦਗੀ ਵਿੱਚ ਇਹ ਸਭ ਹੋ ਸਕਦਾ ਹੈ ਤਾਂ ਆਮ ਆਦਮੀ ਕਿੱਥੇ ਸੁਰੱਖਿਅਤ ਹੈ?” ਉਨ੍ਹਾਂ ਕਿਹਾ ਕਿ ਇਹ ਘਟਨਾ ਦੱਸਦੀ ਹੈ ਕਿ ਜਲੰਧਰ ਵਿੱਚ ਕਾਨੂੰਨ ਦਾ ਡਰ ਖਤਮ ਹੋ ਰਿਹਾ ਹੈ।
ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਵਰਮਾ ਅਤੇ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਸੁਮਿਤ ਕੁਮਾਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਖਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਆਗੂਆਂ ਨੇ ਐਲਾਨ ਕੀਤਾ ਕਿ ਕੱਲ੍ਹ 17 ਅਪ੍ਰੈਲ ਨੂੰ ਦੁਪਹਿਰ 2 ਵਜੇ ਸ਼੍ਰੀ ਰਾਮ ਚੌਂਕ ਤੋਂ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ਵਿੱਚ ਲੋਕ ਤਾੜੀਆਂ, ਥਾਲੀਆਂ ਅਤੇ ਚਮਚੇ ਵਜਾ ਕੇ ਨਾਅਰੇਬਾਜ਼ੀ ਕਰਦੇ ਹੋਏ ਪੁਲਿਸ ਕਮਿਸ਼ਨਰ ਦਫ਼ਤਰ ਤੱਕ ਜਾਣਗੇ। ਉੱਥੇ ਪੁਤਲਾ ਸਾੜ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ, ਜੋ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦਾ ਭਰੋਸਾ ਨਹੀਂ ਦਿੱਤਾ ਜਾਂਦਾ। ਇਸ ਮੌਕੇ ਮੀਤ ਪ੍ਰਧਾਨ, ਕਮਲ ਪ੍ਰਧਾਨ, ਵਰਿੰਦਰ ਕੁਮਾਰ ਅਤੇ ਹੋਰ ਸਾਥੀ ਵੀ ਮੌਜੂਦ ਸਨ।


