ਜਲੰਧਰ ਤਹਿਸੀਲ ‘ਚ ਵੱਡਾ ਖੁਲਾਸਾ! ਪ੍ਰਾਈਵੇਟ ਕਰਿੰਦਿਆਂ ਦੇ ਹੱਥਾਂ ‘ਚ ਸਰਕਾਰੀ ਰਿਕਾਰਡ

ਪਟਵਾਰ ਖਾਨੇ ‘ਚ ਗੜਬੜ ਦਾ ਸ਼ੱਕ, ਕਮਰਾ ਨੰਬਰ 7 ‘ਚ ਸ਼ੱਕੀ ਗਤੀਵਿਧੀਆਂ

ਜਲੰਧਰ (ਇਸ਼ਾਨ ਜਨੇਜਾ) : ਜਲੰਧਰ ਦੇ ਜ਼ਿਲ੍ਹਾ ਤਹਿਸੀਲ ਕੰਪਲੈਕਸ ਵਿੱਚ ਸਥਿਤ ਪਟਵਾਰ ਖਾਨਾ, ਸਰਕਲ ਨੰਬਰ 4 ਇਨ੍ਹਾਂ ਦਿਨਾਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਮੀਡੀਆ ਟੀਮ ਦੇ ਮੌਕੇ ‘ਤੇ ਪਹੁੰਚਦੇ ਹੀ ਪਟਵਾਰੀਆਂ ਦੇ ਕਮਰਿਆਂ ਵਿੱਚ ਕੰਮ ਕਰ ਰਹੇ ਪ੍ਰਾਈਵੇਟ ਕਰਿੰਦਿਆਂ ਵਿੱਚ ਅਚਾਨਕ ਭਗਦੜ ਮਚ ਗਈ, ਜਿਸ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ।

ਨਿਯਮਾਂ ਅਨੁਸਾਰ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਸਰਕਾਰੀ ਦਸਤਾਵੇਜ਼ਾਂ ਨੂੰ ਦੇਖਣ ਜਾਂ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦੀ ਇਜਾਜ਼ਤ ਨਹੀਂ ਹੁੰਦੀ।

ਇਸਦੇ ਬਾਵਜੂਦ ਮੌਕੇ ‘ਤੇ ਇਹ ਦੇਖਣ ਨੂੰ ਮਿਲਿਆ ਕਿ ਪ੍ਰਾਈਵੇਟ ਕਰਿੰਦੇ ਲੋਕਾਂ ਦੀਆਂ ਫਰਦਾਂ ਤਿਆਰ ਕਰ ਰਹੇ ਸਨ ਅਤੇ ਸਰਕਾਰੀ ਰਿਕਾਰਡ ਵੀ ਉਨ੍ਹਾਂ ਦੇ ਹੱਥਾਂ ਵਿੱਚ ਮੌਜੂਦ ਸੀ।

ਸੂਤਰਾਂ ਅਨੁਸਾਰ ਇੱਥੇ ਜ਼ਮੀਨ ਦੇ ਰਿਕਾਰਡ ਵਿੱਚ ਮਨਮਰਜ਼ੀ ਤਬਦੀਲੀਆਂ ਕਰਨ ਦੇ ਦੋਸ਼ ਵੀ ਲੱਗ ਰਹੇ ਹਨ, ਚਾਹੇ ਜ਼ਮੀਨ ਛੋਟੀ ਹੋਵੇ ਜਾਂ ਵੱਡੀ। ਖ਼ਾਸ ਕਰਕੇ ਕਮਰਾ ਨੰਬਰ 7 ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵੱਧ ਦੇਖਣ ਨੂੰ ਮਿਲੀਆਂ।

ਜਦੋਂ ਇਸ ਸਬੰਧੀ ਸੰਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਮਾਮਲੇ ਨੇ ਹੁਣ ਗੰਭੀਰ ਰੂਪ ਧਾਰਨ ਕਰ ਲਿਆ ਹੈ ਅਤੇ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਸਿਰਫ਼ ਲਾਪਰਵਾਹੀ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਵੱਡਾ ਘਪਲਾ ਛੁਪਿਆ ਹੋਇਆ ਹੈ।