ਜਲੰਧਰ (ਸੁਮਿਤ ਕੁਮਾਰ):
ਜਲੰਧਰ ਦੇ ਗੁਰੂ ਰਵਿਦਾਸ ਚੌਂਕ ਤੋਂ ਡਾ. ਬੀ.ਆਰ. ਅੰਬੇਡਕਰ ਚੌਂਕ ਵੱਲ ਜਾਂਦੇ ਹੋਏ ਖੱਬੇ ਹੱਥ ਪਹਿਲੇ ਪੈਟਰੋਲ ਪੰਪ ਤੋਂ ਥੋੜ੍ਹਾ ਪਹਿਲਾਂ ਸਥਿਤ ਮੁਥੂਟ ਫਾਇਨੈਂਸ ਵਾਲੀ ਗਲੀ ਵਿੱਚ ਇੱਕ ਕਥਿਤ ਨਜਾਇਜ਼ ਬਿਲਡਿੰਗ ਉਸਾਰੀ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਭਾਰਗੋ ਕੈਂਪ ਅਧੀਨ ਪੈਂਦੇ ਸੰਤਪੁਰਾ ਮਹੱਲੇ ਵਿੱਚ ਗੁਰਮਨਦੀਪ ਇਲੈਕਟਰੀਸ਼ਨ ਦੀ ਦੁਕਾਨ ਦੇ ਨਾਲ ਇੱਕ ਦੁਕਾਨ ਅਤੇ ਰਿਹਾਇਸ਼ੀ ਮਕਾਨ ਦੇ ਉੱਪਰ ਵੱਡੇ ਪੱਧਰ ‘ਤੇ ਉਸਾਰੀ ਕੰਮ ਜਾਰੀ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਉਕਤ ਬਿਲਡਿੰਗ ਦਾ ਨਕਸ਼ਾ ਨਗਰ ਨਿਗਮ ਜਲੰਧਰ ਤੋਂ ਮਨਜ਼ੂਰ ਨਹੀਂ ਕਰਵਾਇਆ ਗਿਆ ਅਤੇ ਬਿਨਾਂ ਕਾਨੂੰਨੀ ਮਨਜ਼ੂਰੀ ਦੇ ਹੀ ਕੰਮ ਕੀਤਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਮੁਤਾਬਕ ਬਿਲਡਿੰਗ ਬਾਇਲਾਜ਼, ਸੈਟਬੈਕ ਅਤੇ ਹੋਰ ਸੁਰੱਖਿਆ ਨਿਯਮਾਂ ਦੀ ਵੀ ਕਥਿਤ ਤੌਰ ‘ਤੇ ਅਣਦੇਖੀ ਕੀਤੀ ਜਾ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬਿਨਾਂ ਮਨਜ਼ੂਰੀ ਅਤੇ ਬਿਨਾਂ ਫੀਸਾਂ ਜਮ੍ਹਾਂ ਕਰਵਾਏ ਇਮਾਰਤਾਂ ਤਿਆਰ ਹੋਣਗੀਆਂ ਤਾਂ ਇਸ ਨਾਲ ਸਰਕਾਰੀ ਰੈਵੇਨਿਊ ਨੂੰ ਵੀ ਭਾਰੀ ਨੁਕਸਾਨ ਪਹੁੰਚੇਗਾ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ‘ਤੇ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ ਅਤੇ ਜੇਕਰ ਉਸਾਰੀ ਗੈਰ-ਕਾਨੂੰਨੀ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।
ਇਸ ਮਾਮਲੇ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਹੋ ਰਹੀਆਂ ਕਥਿਤ ਨਜਾਇਜ਼ ਉਸਾਰੀਆਂ ਅਤੇ ਉਨ੍ਹਾਂ ‘ਤੇ ਨਿਗਰਾਨੀ ਕਰਨ ਵਾਲੇ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।



