ਮਾਡਲ ਟਾਊਨ ਮਾਰਕੀਟ ‘ਚ ਨਜਾਇਜ਼ ਉਸਾਰੀ ਦਾ ਖੁੱਲ੍ਹਾ ਖੇਡ!

“ਨਾ ਨਕਸ਼ਾ, ਨਾ CLU — ਫਿਰ ਵੀ ਚੜ੍ਹ ਰਹੀ ਮੰਜ਼ਿਲ, ਨਗਰ ਨਿਗਮ ਜਲੰਧਰ ਦੀ ਚੁੱਪੀ ‘ਤੇ ਉੱਠੇ ਸਵਾਲ”

ਜਲੰਧਰ (ਸੁਮਿਤ ਕੁਮਾਰ): ਜਲੰਧਰ ਦੇ ਮਾਡਲ ਟਾਊਨ ਮਾਰਕੀਟ ਖੇਤਰ ਵਿੱਚ ਚਾਰਟ ਹਾਊਸ ਦੇ ਬਿਲਕੁਲ ਨਾਲ ਇੱਕ ਦੁਕਾਨ ਉੱਪਰ ਚੱਲ ਰਹੀ ਉੱਪਰਲੀ ਮੰਜ਼ਿਲ ਦੀ ਉਸਾਰੀ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਇਲਾਕੇ ਦੇ ਲੋਕਾਂ ਵਿੱਚ ਚਰਚਾ ਹੈ ਕਿ ਇਹ ਉਸਾਰੀ ਪੂਰੀ ਤਰ੍ਹਾਂ ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਮੌਨ ਧਾਰ ਕੇ ਬੈਠਾ ਹੈ।

ਸੂਤਰਾਂ ਅਨੁਸਾਰ ਉਕਤ ਬਿਲਡਿੰਗ ਦਾ ਨਾ ਤਾਂ ਕੋਈ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਲਾਜ਼ਮੀ CLU ਜਾਂ ਹੋਰ ਮਨਜ਼ੂਰੀਆਂ ਲਈਆਂ ਗਈਆਂ ਹਨ। ਇਸ ਦੇ ਬਾਵਜੂਦ ਬਿਲਡਰ ਵੱਲੋਂ ਖੁੱਲ੍ਹੇਆਮ ਉਸਾਰੀ ਕਰਕੇ ਸਰਕਾਰ ਦੇ ਰੈਵਨਿਊ ਨੂੰ ਚੂਨਾ ਲਗਾਇਆ ਜਾ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਆਮ ਵਿਅਕਤੀ ਛੋਟੀ ਜਿਹੀ ਤਬਦੀਲੀ ਵੀ ਕਰੇ ਤਾਂ ਨਗਰ ਨਿਗਮ ਤੁਰੰਤ ਨੋਟਿਸ ਜਾਰੀ ਕਰ ਦਿੰਦਾ ਹੈ, ਪਰ ਇੱਥੇ ਇੰਨੀ ਵੱਡੀ ਨਜਾਇਜ਼ ਉਸਾਰੀ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣਾ ਕਈ ਸ਼ੱਕ ਪੈਦਾ ਕਰਦਾ ਹੈ। ਇਲਾਕੇ ਵਿੱਚ ਇਹ ਵੀ ਚਰਚਾ ਹੈ ਕਿ ਬਿਲਡਰ ਨੂੰ ਕੁਝ ਅਧਿਕਾਰੀਆਂ ਦੀ ਕਥਿਤ ਮਿਹਰਬਾਨੀ ਹਾਸਲ ਹੈ, ਜਿਸ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੂੰ ਇਹ ਉਸਾਰੀ ਦਿਖਾਈ ਨਹੀਂ ਦੇ ਰਹੀ ਜਾਂ ਫਿਰ ਜਾਣ-ਬੁੱਝ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ? ਜੇਕਰ ਇਹ ਗੈਰ ਕਾਨੂੰਨੀ ਉਸਾਰੀ ਇੰਝ ਹੀ ਜਾਰੀ ਰਹੀ ਤਾਂ ਸ਼ਹਿਰ ਵਿੱਚ ਬਿਲਡਿੰਗ ਬਾਈਲਾਜ਼ ਦੀ ਕੋਈ ਅਹਿਮੀਅਤ ਨਹੀਂ ਰਹੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਜਲੰਧਰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਾ ਹੈ ਜਾਂ ਫਿਰ ਹਮੇਸ਼ਾਂ ਦੀ ਤਰ੍ਹਾਂ ਇਹ ਮਾਮਲਾ ਵੀ ਫਾਈਲਾਂ ਵਿੱਚ ਦੱਬ ਕੇ ਰਹਿ ਜਾਂਦਾ ਹੈ।