ਇੱਕ ਗ੍ਰਿਫ਼ਤਾਰੀ ਨਾਲ ਨਹੀਂ ਮਿਲਿਆ ਇਨਸਾਫ਼: ਤਨਿਸ਼ ਕਤਲ ਮਾਮਲੇ ‘ਚ ਸਾਥੀਆਂ ਨੂੰ ਬਚਾਉਣ ਦੇ ਦੋਸ਼, DGP ਕੋਲ ਜਲਦ ਪੁੱਜੇਗਾ ਪਰਿਵਾਰ”
ਜਲੰਧਰ: ਸ਼ੇਰ ਸਿੰਘ ਕਲੋਨੀ ਦੇ ਵਿੱਚ ਆਟੋ ਚਾਲਕ ਤਨਿਸ਼ ਅਰੋੜਾ ਦੇ ਬੇਰਹਿਮੀ ਨਾਲ ਹੋਏ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਵੱਲੋਂ ਸਿਰਫ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਸੀਮਿਤ ਕਰ ਦਿੱਤਾ ਗਿਆ, ਜਦਕਿ ਇਸ ਕਤਲ ਵਿੱਚ ਹੋਰ ਕਈ ਲੋਕਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ 31 ਮਈ 2026 ਨੂੰ ਤਨਿਸ਼ ਅਰੋੜਾ ਦਾ ਕਤਲ ਹੋਇਆ ਸੀ। ਦੋਸ਼ ਹੈ ਕਿ ਉਸ ਨੂੰ ਆਟੋ ਸਮੇਤ ਰੋਕ ਕੇ ਸੁੰਨਸਾਨ ਥਾਂ ‘ਤੇ ਲਿਜਾਇਆ ਗਿਆ, ਜਿੱਥੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਕਤਲ ਤੋਂ ਬਾਅਦ ਲਾਸ਼ ਨੂੰ ਕੰਬਲ, ਤਰਪਾਲ ਅਤੇ ਹੋਰ ਸਮੱਗਰੀ ਨਾਲ ਬੰਨ੍ਹ ਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਕਤਲ ਤੋਂ ਬਾਅਦ ਤਨਿਸ਼ ਦੀ ਆਟੋ ਇੱਕ ਹੋਰ ਵਿਅਕਤੀ ਦੇ ਘਰੋਂ ਬਰਾਮਦ ਹੋਈ ਸੀ, ਪਰ ਪੁਲਿਸ ਨੇ ਉਸ ਤੋਂ ਪੁੱਛਗਿੱਛ ਕਰਨ ਉਪਰੰਤ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕਤਲ ਹੋਏ ਵਿਅਕਤੀ ਦੀ ਆਟੋ ਕਿਸੇ ਹੋਰ ਦੇ ਕਬਜ਼ੇ ‘ਚ ਮਿਲਦੀ ਹੈ ਤਾਂ ਉਸ ਪੱਖ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਸੀ। ਜੋ ਨਹੀਂ ਹੋਈ ਸਿਰਫ ਜਾਣਕਾਰੀ ਲੈ ਕੇ ਉਸ ਨੂੰ ਛੱਡ ਦਿੱਤਾ ਗਿਆ ਕਿਉਂਕਿ ਕਤਲ ਹੋਏ ਵਿਅਕਤੀ ਦੀ ਆਟੋ ਮਿਲਣੀ ਜਿਸ ਦੇ ਵਿੱਚ ਕਾਤਿਲ ਦਾ ਪੂਰੀ ਤਰਹਾਂ ਉਸਨੇ ਹੀ ਸਾਥ ਦਿੱਤਾ ਪਰ ਜਲੰਧਰ ਪੁਲਿਸ ਬਿਲਕੁਲ ਵੀ ਕੋਈ ਕੰਮ ਕਰਕੇ ਨਹੀਂ ਖੁਸ਼ ਅਤੇ ਉਸਨੂੰ ਵੀ ਇਸੇ ਤਰ੍ਹਾਂ ਛੱਡ ਦਿੱਤਾ ਗਿਆ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਕਥਿਤ ਮੁਲਜ਼ਮ ਦੇ ਕੁਝ ਰਿਸ਼ਤੇਦਾਰਾਂ ਤੱਕ ਵੀ ਉਹਨਾਂ ਨੇ ਖੁਦ ਪੁਲਿਸ ਨੂੰ ਪਹੁੰਚਾਇਆ ਸੀ ਅਤੇ ਉਨ੍ਹਾਂ ਦੇ ਸਾਹਮਣੇ ਮੁਲਜ਼ਮ ਦੇ ਫੋਨ ਕਾਲ
ਆਉਣ ਦੇ ਦਾਅਵੇ ਵੀ ਕੀਤੇ ਗਏ ਸਨ, ਪਰ ਬਾਅਦ ਵਿੱਚ ਉਨ੍ਹਾਂ ਨੂੰ ਵੀ ਛੱਡ ਦਿੱਤਾ ਗਿਆ। ਇਸ ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ 19 ਜੂਨ ਨੂੰ ਮ੍ਰਿਤਕ ਤਨਿਸ਼ ਅਰੋੜਾ ਦੀ Facebook ID ਤੋਂ ਕਥਿਤ ਤੌਰ ‘ਤੇ ਇੱਕ ਸਟੋਰੀ ਅਪਲੋਡ ਹੋਈ। ਪਰਿਵਾਰਕ ਮੈਂਬਰਾਂ ਨੇ ਸਵਾਲ ਉਠਾਇਆ ਹੈ ਕਿ ਜੇਕਰ ਮੁੱਖ ਮੁਲਜ਼ਮ ਜੇਲ੍ਹ ਵਿੱਚ ਹੈ ਤਾਂ ਫਿਰ ਮ੍ਰਿਤਕ ਦੇ ਸੋਸ਼ਲ ਮੀਡੀਆ ਅਕਾਊਂਟ ਤੱਕ ਪਹੁੰਚ ਕਿਸ ਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਗੱਲ ਸੰਭਾਵਿਤ ਸਾਥੀਆਂ ਦੀ ਮੌਜੂਦਗੀ ਵੱਲ ਇਸ਼ਾਰਾ ਕਰਦੀ ਹੈ ਅਤੇ ਇਸ ਪੱਖ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਾਰ-ਵਾਰ ਇਨਸਾਫ਼ ਦੀ ਮੰਗ ਕੀਤੀ ਗਈ, ਧਰਨੇ ਪ੍ਰਦਰਸ਼ਨ ਕੀਤੇ ਗਏ ਅਤੇ ਪੁਲਿਸ ਅਧਿਕਾਰੀਆਂ ਨੂੰ ਕਈ ਤੱਥ ਮੁਹੱਈਆ ਕਰਵਾਏ ਗਏ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਇਸ ਕਾਰਨ ਹੁਣ ਉਨ੍ਹਾਂ ਨੇ ਪੰਜਾਬ ਦੇ DGP ਕੋਲ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਨ ਦੀ ਗੱਲ ਕੀਤੀ। ਅਤੇ ਦੱਸਿਆ ਕਿ ਜਲੰਧਰ ਪੁਲਿਸ ਕਮਿਸ਼ਨਰੇਟ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਇਨਸਾਫ ਸਾਨੂੰ ਨਹੀਂ ਦੇ ਰਿਹਾ ਜਿਸ ਦੇ ਕਾਰਨ ਅਸੀਂ ਡੀਜੇਪੀ ਸਾਹਿਬ ਨੂੰ ਮਿਲ ਕੇ ਇਨਸਾਫ ਦੀ ਮੰਗ ਕਰਾਂਗੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦਾ ਨੌਜਵਾਨ ਆਪਣੀ ਜਾਨ ਗੁਆ ਬੈਠਾ ਹੈ ਅਤੇ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਨਾਲ ਜੁੜੇ ਹਰ ਵਿਅਕਤੀ ਦੀ ਭੂਮਿਕਾ ਦੀ ਨਿਰਪੱਖ ਜਾਂਚ ਹੋਵੇ ਤਾਂ ਜੋ ਅਸਲ ਸੱਚਾਈ ਸਾਹਮਣੇ ਆ ਸਕੇ! ਅਤੇ ਜੋ ਦੋਸ਼ੀ ਹਨ ਉਹਨਾਂ ਸਾਰਿਆਂ ਨੂੰ ਗਿਰਫਤਾਰ ਕੀਤਾ ਜਾ ਸਕੇ ਇਹ ਕਤਲ ਕੋਈ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਬਲਕਿ ਇਸ ਕਤਲ ਦੇ ਵਿੱਚ ਕਈ ਭਾਈਵਾਲ ਹਨ ਜੋ ਜਲੰਧਰ ਪੁਲਿਸ ਜਾਣ ਬੁਝ ਕੇ ਛੱਡ ਰਹੀ ਹੈ।
