ਘਰੇਲੂ ਗੈਸ ਸਿਲੰਡਰ ਫਟਣ ਨਾਲ ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ, 24 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਪੰਡੋਰੀ ਬੀਬੀ ਵਿਖੇ ਬੀਤੀ ਰਾਤ ਇੱਕ ਘਰ ਦੀ ਰਸੋਈ ਵਿੱਚ ਘਰੇਲੂ ਗੈਸ ਸਿਲੰਡਰ ਫਟਣ ਨਾਲ ਰਸੋਈ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਜ਼ਬਰਦਸਤ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਹਾਦਸਾ ਬੀਤੀ ਰਾਤ 9 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ।ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਸੰਸਾਰ ਚੰਦ ਪੁੱਤਰ ਹਰੀ ਰਾਮ ਵਾਸੀ ਪਿੰਡ ਪੰਡੋਰੀ ਬੀਬੀ ਨੇ ਦੱਸਿਆ ਕਿ ਉਸ ਦੀ ਪਤਨੀ ਸ਼ੀਲਾ ਰਾਣੀ ਰਾਤ 9 ਵਜੇ ਦੇ ਕਰੀਬ ਜਦੋਂ ਰਸੋਈ ਅੰਦਰ ਖਾਣਾ ਬਣਾਉਣ ਲਈ ਗਈ। ਉਸ ਨੇ ਜਿੱਦਾਂ ਹੀ ਗੈਸ ਵਾਲਾ ਚੁੱਲਾ ਜਲਾਇਆ ਤਾਂ ਸਿਲੰਡਰ ਦੇ ਰੈਗੂਲੇਟਰ ਨੂੰ ਅੱਗ ਪੈ ਗਈ।

ਸ਼ੀਲਾ ਰਾਣੀ ਦਾ ਕਹਿਣਾ ਹੈ ਕਿ ਇਹ ਅੱਗ ਸਿਲੰਡਰ ਦੇ ਰੈਗੂਲੇਟਰ ਤੱਕ ਕਿੱਦਾਂ ਪਹੁੰਚੀ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਸਿਲੰਡਰ ਦੇ ਰੈਗੂਲੇਟਰ ਨੂੰ ਅੱਗ ਪੈਂਦਿਆਂ ਦੇਖਦੇ ਹੀ ਉਸ ਨੇ ਰੌਲਾ ਪਾਇਆ ਤਾਂ ਸੰਸਾਰ ਚੰਦ ਨੇ ਸੂਝ ਬੂਝ ਤੋ ਕੰਮ ਲੈਂਦਿਆਂ ਘਰ ਦੇ ਬੱਚਿਆਂ ਸਮੇਤ ਸਾਰੇ ਮੈਂਬਰਾਂ ਨੂੰ ਘਰੋਂ ਬਾਹਰ ਕਰ ਦਿੱਤਾ ਅਤੇ ਬਿਜਲੀ ਦਾ ਮੇਨ ਸਵਿੱਚ ਵੀ ਬੰਦ ਕਰ ਦਿੱਤਾ। ਕੁਝ ਕੁ ਸਮੇਂ ਬਾਅਦ ਸਿਲੰਡਰ ਫਟਣ ਦਾ ਜ਼ਬਰਦਸਤ ਧਮਾਕਾ ਹੋਇਆ। ਜਿਸ ਨਾਲ ਸਾਰੀ ਰਸੋਈ ਅਤੇ ਨਾਲ ਲੱਗਦੇ ਕਮਰਿਆਂ ਵਿੱਚ ਅੱਗ ਫੈਲ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ। ਜਿਨਾਂ ਦੀ ਮਦਦ ਨਾਲ ਸੰਸਾਰ ਚੰਦ ਨੇ ਅੱਗ ਤੇ ਕਾਬੂ ਪਾਇਆ। ਪ੍ਰੰਤੂ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਉਹਨਾਂ ਦਾ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ।ਹਾਦਸਾ ਬਹੁਤ ਜ਼ਬਰਦਸਤ ਸੀ। ਪ੍ਰੰਤੂ ਇਸ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਪੀੜਿਤ ਸੰਸਾਰ ਚੰਦ ਨੇ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਪੀੜਿਤ ਪਰਿਵਾਰ ਨੇ ਪ੍ਰਸ਼ਾਸਨ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।