ਜਲੰਧਰ: ਚਗਿੱਟੀ ਚੌਂਕ ਤੋਂ ਕੰਗਣੀਵਾਲ ਨਹਿਰ ਵੱਲ ਜਾਂਦੇ ਹੋਏ ਲੱਧੇਵਾਲੀ ਰੋਡ ’ਤੇ ਸ਼ਰਾਬ ਦੇ ਠੇਕੇ ਦੇ ਬਿਲਕੁਲ ਨਾਲ ਬਣੇ ਅਹਾਤੇ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਦੋਸ਼ ਹੈ ਕਿ ਉਕਤ ਅਹਾਤੇ ਵਿੱਚ ਬਾਹਰ ਸੜਕ ਦੇ ਬਿਲਕੁਲ ਨਾਲ ਟੇਬਲ-ਕੁਰਸੀਆਂ ਲਗਾ ਕੇ ਲੋਕਾਂ ਨੂੰ ਬਿਠਾ ਕੇ ਸ਼ਰਾਬ ਦਾ ਸੇਵਨ ਕਰਵਾਇਆ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਥਾਨ ਤੋਂ ਰੋਜ਼ਾਨਾ ਆਮ ਰਾਹਗੀਰ, ਮਹਿਲਾਵਾਂ ਅਤੇ ਪਰਿਵਾਰ ਲੰਘਦੇ ਹਨ, ਜਦਕਿ ਸੜਕ ਕਿਨਾਰੇ ਬੈਠ ਕੇ ਸ਼ਰਾਬ ਪੀਣ ਵਾਲੇ ਲੋਕ ਆਸਾਨੀ ਨਾਲ ਨਜ਼ਰ ਆਉਂਦੇ ਹਨ। ਇਸ ਤਰ੍ਹਾਂ ਜਨਤਕ ਥਾਂ ਦੇ ਬਿਲਕੁਲ ਨਾਲ ਸ਼ਰਾਬ ਦਾ ਸੇਵਨ ਕਰਵਾਏ ਜਾਣ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।
ਸਭ ਤੋਂ ਵੱਡਾ ਸਵਾਲ ਐਕਸਾਈਜ਼ ਵਿਭਾਗ ਦੀ ਨਿਗਰਾਨੀ ’ਤੇ ਖੜ੍ਹਾ ਹੁੰਦਾ ਹੈ ਕਿ ਕੀ ਉਕਤ ਅਹਾਤੇ ਨੂੰ ਇਸ ਤਰ੍ਹਾਂ ਸੜਕ ਦੇ ਨਾਲ ਬਾਹਰ ਬੈਠਾ ਕੇ ਸ਼ਰਾਬ ਦਾ ਸੇਵਨ ਕਰਵਾਉਣ ਦੀ ਕੋਈ ਮਨਜ਼ੂਰੀ ਦਿੱਤੀ ਗਈ ਹੈ? ਜੇਕਰ ਮਨਜ਼ੂਰੀ ਨਹੀਂ ਹੈ ਤਾਂ ਇਹ ਗਤੀਵਿਧੀ ਕਥਿਤ ਤੌਰ ’ਤੇ ਨਿਯਮਾਂ ਦੀ ਉਲੰਘਣਾ ਦੇ ਦਾਇਰੇ ਵਿੱਚ ਆ ਸਕਦੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਜਾਂ ਅਹਾਤੇ ਦੀ ਆੜ ਵਿੱਚ ਜਨਤਕ ਰਸਤੇ ਦੇ ਬਿਲਕੁਲ ਨਾਲ ਇਸ ਤਰ੍ਹਾਂ ਸ਼ਰਾਬ ਦਾ ਸੇਵਨ ਕਰਵਾਉਣ ਨਾਲ ਆਮ ਲੋਕਾਂ ਨੂੰ ਵੀ ਅਸੁਵਿਧਾ ਹੁੰਦੀ ਹੈ ਅਤੇ ਇਲਾਕੇ ਦਾ ਮਾਹੌਲ ਪ੍ਰਭਾਵਿਤ ਹੁੰਦਾ ਹੈ।
ਹੁਣ ਦੇਖਣਾ ਹੋਵੇਗਾ ਕਿ ਐਕਸਾਈਜ਼ ਵਿਭਾਗ ਵੱਲੋਂ ਇਸ ਮਾਮਲੇ ਦਾ ਖੁਦ ਨੋਟਿਸ ਲੈ ਕੇ ਮੌਕੇ ਦੀ ਜਾਂਚ ਕੀਤੀ ਜਾਂਦੀ ਹੈ ਜਾਂ ਨਹੀਂ। ਵਿਭਾਗ ਨੂੰ ਚਾਹੀਦਾ ਹੈ ਕਿ ਅਹਾਤੇ ਦੇ ਲਾਇਸੈਂਸ ਅਤੇ ਉਸ ਨਾਲ ਜੁੜੀਆਂ ਸ਼ਰਤਾਂ ਦੀ ਜਾਂਚ ਕਰਕੇ, ਜੇਕਰ ਕੋਈ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸੜਕ ਦੇ ਬਾਹਰ ਸ਼ਰਾਬ ਦਾ ਸੇਵਨ ਕਰਵਾਉਣ ਦੀ ਗਤੀਵਿਧੀ ’ਤੇ ਤੁਰੰਤ ਰੋਕ ਲਗਾਈ ਜਾਵੇ।
ਰਿਪੋਰਟ: ਟਾਈਮ ਟੀਵੀ ਪੰਜਾਬ
