ਲੱਧੇਵਾਲੀ ਰੋਡ ’ਤੇ ਨਜਾਇਜ਼ ਦੁਕਾਨ ਦੀ ਉਸਾਰੀ, ਬਿਲਡਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ

ਜਲੰਧਰ: ਲੱਧੇਵਾਲੀ ਰੋਡ ’ਤੇ ਗਰੀਨ ਕੰਟਰੀ ਫਲੈਟਾਂ ਦੇ ਬਿਲਕੁਲ ਸਾਹਮਣੇ ਜਾਣ ਵਾਲੇ ਰਸਤੇ ਵਿੱਚ ਕਾਰ ਵਾਸ਼ਿੰਗ ਸੈਂਟਰ ਦੇ ਨਾਲ ਇੱਕ ਦੁਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ।

ਬਿਨਾਂ ਨਕਸ਼ਾ ਪਾਸ ਕਰਵਾਏ ਉਸਾਰੀ ਕਰਨ ਦੇ ਦੋਸ਼

ਮਿਲੀ ਜਾਣਕਾਰੀ ਅਨੁਸਾਰ ਉਕਤ ਦੁਕਾਨ ਦੀ ਉਸਾਰੀ ਬਿਨਾਂ ਨਕਸ਼ਾ ਪਾਸ ਕਰਵਾਏ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਖੁੱਲ੍ਹੇਆਮ ਚੱਲ ਰਹੀ ਉਸਾਰੀ ਨੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਬਿਲਡਿੰਗ ਮਾਲਕ ਦੇ ਨਾਲ ਵਿਭਾਗ ਵੀ ਸਵਾਲਾਂ ਦੇ ਘੇਰੇ ’ਚ

ਇੱਕ ਪਾਸੇ ਪ੍ਰਾਪਰਟੀ ਮਾਲਕ ਵੱਲੋਂ ਨਿਯਮਾਂ ਦੀ ਅਣਦੇਖੀ ਕਰਕੇ ਉਸਾਰੀ ਕੀਤੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਬਿਲਡਿੰਗ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਵੱਲੋਂ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।

ਸਰਕਾਰੀ ਰੈਵਨਿਊ ਨੂੰ ਵੀ ਨੁਕਸਾਨ ਦਾ ਖਦਸ਼ਾ

ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਲੋੜੀਂਦੀਆਂ ਮਨਜ਼ੂਰੀਆਂ ਤੋਂ ਕੀਤੀ ਜਾ ਰਹੀ ਉਸਾਰੀ ਨਾਲ ਸਰਕਾਰ ਨੂੰ ਬਣਦੀ ਫੀਸ ਅਤੇ ਹੋਰ ਰੈਵਨਿਊ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਬਿਲਡਿੰਗ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਨਿਗਮ ਦੀ ਜ਼ਿੰਮੇਵਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ।

ਕਾਰਵਾਈ ਨਾ ਹੋਣ ’ਤੇ ਉੱਠ ਰਹੇ ਕਈ ਸਵਾਲ

ਇਲਾਕੇ ਵਿੱਚ ਚਰਚਾ ਹੈ ਕਿ ਜਦੋਂ ਉਸਾਰੀ ਖੁੱਲ੍ਹੇ ਤੌਰ ’ਤੇ ਚੱਲ ਰਹੀ ਹੈ ਤਾਂ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਦੀ ਨਜ਼ਰ ਇਸ ’ਤੇ ਕਿਉਂ ਨਹੀਂ ਪਈ। ਜੇਕਰ ਉਸਾਰੀ ਨਿਯਮਾਂ ਦੇ ਉਲਟ ਹੈ ਤਾਂ ਇਸ ਨੂੰ ਰੋਕਣ ਲਈ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ, ਇਹ ਵੀ ਵੱਡਾ ਸਵਾਲ ਹੈ।

ਨਗਰ ਨਿਗਮ ਤੋਂ ਤੁਰੰਤ ਕਾਰਵਾਈ ਦੀ ਮੰਗ

ਇਸ ਮਾਮਲੇ ਵਿੱਚ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਉਕਤ ਉਸਾਰੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਬਿਲਡਿੰਗ ਮਾਲਕ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਨਾਲ ਹੀ ਬਿਲਡਿੰਗ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇ, ਤਾਂ ਜੋ ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਨੂੰ ਉਤਸ਼ਾਹ ਨਾ ਮਿਲੇ।

— ਸੁਮਿਤ ਕੁਮਾਰ,