ਜਲੰਧਰ (ਮਨਪ੍ਰੀਤ) : ਜਲੰਧਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਪੂਰੀ ਸ਼ਰਧਾ ਅਤੇ ਭਗਤੀ ਭਾਵ ਨਾਲ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖੀ ਦੇ ਜਲਾਲੀ ਰੂਪ ਖਾਲਸਾ ਦੇ ਪ੍ਰਧਾਨ ਭੁਪਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਮਿਤੀ 27-01-2026 ਨੂੰ ਸਵੇਰੇ ਅਤੇ ਰਾਤ ਨੂੰ ਵਿਸ਼ਾਲ ਦੀਵਾਨ ਸਜਾਏ ਗਏ।
ਦੀਵਾਨਾਂ ਦੌਰਾਨ ਭਾਈ ਗੁਰਸੇਵਕ ਸਿੰਘ, ਭਾਈ ਰਣਜੀਤ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੇ ਜਥਿਆਂ ਵੱਲੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਧਾਨ ਭੁਪਿੰਦਰ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸਿੱਖੀ ਦੀ ਅਸਲ ਪਰਿਭਾਸ਼ਾ, ਗੁਰ ਬਖ਼ਸ਼ਿਸ਼ ਅਤੇ ਸਿੱਖੀ ਦੀ ਕਮਾਈ ਦਾ ਸਚਾ ਰਸਤਾ ਸਮਝਣ ਨੂੰ ਮਿਲਦਾ ਹੈ। ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਜੀਵਨੀ ਉੱਤੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਦਲਜੀਤ ਸਿੰਘ ਵਾਲੀਆ, ਹਰਜਿੰਦਰ ਸਿੰਘ ਧਮੀਜਾ, ਡਾ. ਪ੍ਰਿਤਪਾਲ ਸਿੰਘ, ਕੁਲਦੀਪ ਸਿੰਘ, ਭਾਈ ਸਤਪਾਲ ਸਿੰਘ, ਨਰਿੰਦਰ ਸਿੰਘ, ਗੁਰਬਾਜ ਸਿੰਘ, ਕਮਲ ਨਰੂਲਾ, ਕੀਰਤਨ ਸਿੰਘ, ਅਮਰੀਕ ਸਿੰਘ, ਰਾਮ ਸਿੰਘ ਸਮੇਤ ਕਈ ਹੋਰ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
ਗੁਰਮਤ ਸਮਾਗਮ ਦੌਰਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਜਲੰਧਰ ਵਿਖੇ ਨਿਸ਼ਕਾਮ ਸੇਵਾ ਲਈ ਸ੍ਰੀ ਵਿਪਨ ਕੁਮਾਰ ਭਗਤ, ਪੁਸ਼ਪਾ ਰਾਣੀ, ਆਰਤੀ ਅਤੇ ਗੌਰਵ ਨੂੰ ਪ੍ਰਧਾਨ ਭੁਪਿੰਦਰ ਸਿੰਘ ਖਾਲਸਾ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ।



