⚠️ ਜਲੰਧਰ ਵੈਸਟ ਇਲਾਕੇ ‘ਚ ਨਜਾਇਜ਼ ਕਲੋਨੀ ਦਾ ਖੇਡ!

ਡੋਲੀ ਪੈਲਸ ਦੀ ਪ੍ਰਾਪਰਟੀ ‘ਚ ਬਿਨਾਂ ਲਾਇਸੈਂਸ ਪਲਾਟ ਵੇਚਣ ਦੀ ਤਿਆਰੀ, ਪ੍ਰਸ਼ਾਸਨ ਦੀ ਚੁੱਪੀ ‘ਤੇ ਸਵਾਲ

ਜਲੰਧਰ: (ਸੁਮਿਤ ਕੁਮਾਰ)
Jalandhar ਦੇ ਵੈਸਟ ਇਲਾਕੇ ਅੰਦਰ ਇੱਕ ਵੱਡਾ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆ ਰਿਹਾ ਹੈ। ਪੁਰਾਣੇ ਸਮੇਂ ਤੋਂ ਮਸ਼ਹੂਰ ਡੋਲੀ ਪੈਲਸ ਦੇ ਨਾਮ ਨਾਲ ਜਾਣੀ ਜਾਂਦੀ ਪ੍ਰਾਪਰਟੀ ਦੇ ਅੰਦਰ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟ ਕੇ ਆਮ ਪਬਲਿਕ ਨੂੰ ਬਿਨਾਂ ਕਿਸੇ ਲਾਇਸੈਂਸ ਜਾਂ ਮਨਜ਼ੂਰੀ ਦੇ ਪਲਾਟ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਇਹ ਪੂਰੀ ਕਲੋਨੀ ਪੂਰੀ ਤਰ੍ਹਾਂ ਅਨਅਧਿਕਾਰਿਤ ਹੈ। ਨਾ ਤਾਂ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਪਰਮਿਸ਼ਨ ਲਈ ਗਈ ਹੈ ਅਤੇ ਨਾ ਹੀ ਟਾਊਨ ਪਲਾਨਿੰਗ ਜਾਂ ਨਗਰ ਨਿਗਮ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਇਸ ਦੇ ਬਾਵਜੂਦ, ਸ਼ਰੇਆਮ ਸੜਕਾਂ ਪਾਈਆਂ ਜਾ ਰਹੀਆਂ ਹਨ ਅਤੇ ਕਲੋਨੀ ਨੂੰ ਕਾਨੂੰਨੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ—ਜੋ ਕਿ ਖੁੱਲ੍ਹੀ ਧੋਖਾਧੜੀ ਹੈ|

ਇਸ ਮਾਮਲੇ ‘ਚ ਨਾਰੰਗ ਨਾਮ ਦੇ ਪ੍ਰੋਪਰਟੀ ਡੀਲਰ ਅਤੇ ਬਲਦੇਵ ਮਝੈਲ ਦੇ ਨਾਮ ਬਾਰ-ਬਾਰ ਸਾਹਮਣੇ ਆ ਰਹੇ ਹਨ। ਸੂਤਰਾਂ ਦਾ ਦਾਅਵਾ ਹੈ ਕਿ ਇਨ੍ਹਾਂ ਦੋਨਾਂ ਦੀ ਮਿਲੀਭੁਗਤ ਨਾਲ ਹੀ ਇਹ ਨਜਾਇਜ਼ ਕਲੋਨੀ ਕੱਟੀ ਗਈ ਹੈ। ਹਾਲਾਂਕਿ,
ਟਾਈਮ ਟੀਵੀ ਪੰਜਾਬ ਇਸ ਗੱਲ ਦੀ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਕਿ ਕਲੋਨੀ ਕੱਟਣ ਦੇ ਪਿੱਛੇ ਕੌਣ-ਕੌਣ ਸ਼ਾਮਲ ਹੈ, ਪਰ ਮੈਦਾਨੀ ਸੱਚਾਈ ਅਤੇ ਸੂਤਰਾਂ ਦੇ ਇਸ਼ਾਰੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ।
ਜ਼ਿਕਰਯੋਗ ਹੈ ਕਿ ਜਲੰਧਰ ਦਾ ਵੈਸਟ ਇਲਾਕਾ ਪਹਿਲਾਂ ਵੀ ਨਜਾਇਜ਼ ਕਾਰੋਬਾਰੀਆਂ ਦਾ ਕੇਂਦਰ ਬਣਦਾ ਆ ਰਿਹਾ ਹੈ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਚੁੱਪੀ ਅਤੇ ਕਾਰਵਾਈ ਦੀ ਕਮੀ ਇਹ ਸੰਕੇਤ ਦੇ ਰਹੀ ਹੈ ਕਿ ਕਿਤੇ ਨਾ ਕਿਤੇ ਸਿਸਟਮ ਦੀ ਨਾਕਾਮੀ ਜਾਂ ਸਾਂਝ ਜ਼ਰੂਰ ਹੈ। ਸਭ ਤੋਂ ਵੱਡਾ ਨੁਕਸਾਨ ਉਹਨਾਂ ਮਾਸੂਮ ਲੋਕਾਂ ਨੂੰ ਹੋਵੇਗਾ ਜੋ ਆਪਣੀ ਜ਼ਿੰਦਗੀ ਦੀ ਪੁੰਜੀ ਲਗਾ ਕੇ ਇੱਥੇ ਪਲਾਟ ਖਰੀਦਣਗੇ ਅਤੇ ਬਾਅਦ ‘ਚ ਕਾਨੂੰਨੀ ਪਚੜਿਆਂ ‘ਚ ਫਸ ਜਾਣਗੇ।
ਹੁਣ ਸਵਾਲ ਇਹ ਹੈ ਕਿ
ਕੀ ਪ੍ਰਸ਼ਾਸਨ ਅੱਖਾਂ ਮੂੰਦ ਕੇ ਬੈਠਾ ਰਹੇਗਾ?
ਕੀ ਨਜਾਇਜ਼ ਕਲੋਨੀ ਕੱਟਣ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਵੇਗੀ?
ਜਾਂ ਫਿਰ ਆਮ ਲੋਕਾਂ ਨੂੰ ਹੀ ਇੱਕ ਵਾਰ ਫਿਰ ਠੱਗੀ ਦਾ ਸ਼ਿਕਾਰ ਬਣਾਇਆ ਜਾਵੇਗਾ?
ਜਲੰਧਰ ਵਾਸੀਆਂ ਦੀ ਨਜ਼ਰ ਹੁਣ ਪ੍ਰਸ਼ਾਸਨ ‘ਤੇ ਹੈ—ਕਿ ਉਹ ਕਦੋਂ ਜਾਗਦਾ ਹੈ ਅਤੇ ਕਦੋਂ ਇਸ ਨਜਾਇਜ਼ ਖੇਡ ‘ਤੇ ਬ੍ਰੇਕ ਲਗਾਈ ਜਾਂਦੀ ਹੈ।