ਹਿਊਮਨ ਰਾਈਟਸ ਕਮਿਸ਼ਨ ਦੀ ਜਾਂਚ ‘ਚ ਸਿਵਲ ਹਸਪਤਾਲ ਗੁਰਦਾਸਪੁਰ ਦੀਆਂ ਗੰਭੀਰ ਖਾਮੀਆਂ ਬੇਨਕਾਬ, ਸਖ਼ਤ ਕਾਰਵਾਈ ਦੇ ਹੁਕਮ

ਗੁਰਦਾਸਪੁਰ (TTP): ਜ਼ਿਲ੍ਹਾ ਮੁੱਖਾਲੇ ‘ਤੇ ਸਥਿਤ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇੱਕ ਵਾਰ ਫਿਰ ਵੱਡੇ ਪੱਧਰ ‘ਤੇ ਲਾਪਰਵਾਹੀਆਂ ਸਾਹਮਣੇ ਆਈਆਂ ਹਨ। Punjab State Human Rights Commission ਦੇ ਮੈਂਬਰ ਵੱਲੋਂ ਕੀਤੀ ਗਈ ਅਚਾਨਕ ਜਾਂਚ ਦੌਰਾਨ ਹਸਪਤਾਲ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਹੋ ਗਏ, ਜਿਸ ‘ਤੇ ਕਮਿਸ਼ਨ ਦੇ ਮੈਂਬਰ ਨੇ ਤਿੱਖੀ ਨਾਰਾਜ਼ਗੀ ਜਤਾਈ।

ਜਾਂਚ ਦੌਰਾਨ ਪਤਾ ਲੱਗਿਆ ਕਿ ਹਸਪਤਾਲ ਦੇ ਕਈ ਬਾਥਰੂਮਾਂ ‘ਤੇ ਤਾਲੇ ਲੱਗੇ ਹੋਏ ਸਨ, ਜਿਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਮਿਸ਼ਨ ਦੇ ਮੈਂਬਰ ਨੇ ਹਸਪਤਾਲ ਪ੍ਰਬੰਧਨ ਨੂੰ ਸਖ਼ਤ ਫਟਕਾਰ ਲਾਉਂਦਿਆਂ ਕਿਹਾ ਕਿ ਮਰੀਜ਼ਾਂ ਲਈ ਬੁਨਿਆਦੀ ਸਹੂਲਤਾਂ ਤੱਕ ਉਪਲਬਧ ਨਹੀਂ ਹਨ, ਜੋ ਕਿ ਸਰਾਸਰ ਅਣਗੌਲ ਹੈ।

ਇਸ ਤੋਂ ਇਲਾਵਾ ਸਰਕਾਰੀ ਐਂਬੂਲੈਂਸ ਸੇਵਾ ਵਿੱਚ ਵੀ ਗੰਭੀਰ ਲਾਪਰਵਾਹੀ ਸਾਹਮਣੇ ਆਈ। ਜਾਂਚ ਸਮੇਂ ਇਹ ਖੁਲਾਸਾ ਹੋਇਆ ਕਿ ਐਂਬੂਲੈਂਸਾਂ ਦੀ ਰਿਕਾਰਡ ਬੁੱਕ ਵਿੱਚ ਮਰੀਜ਼ਾਂ ਦੇ ਨਾਮ ਅਤੇ ਸੰਪਰਕ ਵੇਰਵੇ ਦਰਜ ਨਹੀਂ ਕੀਤੇ ਗਏ ਸਨ। ਇਸ ਗੰਭੀਰ ਕੋਤਾਹੀ ਨੂੰ ਦੇਖਦਿਆਂ ਕਮਿਸ਼ਨ ਦੇ ਮੈਂਬਰ ਨੇ ਐਂਬੂਲੈਂਸ ਚਾਲਕਾਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ।

ਹਸਪਤਾਲ ਅੰਦਰ ਸਫ਼ਾਈ ਪ੍ਰਬੰਧ, ਬੁਨਿਆਦੀ ਸਹੂਲਤਾਂ ਅਤੇ ਸੰਕਰਮਣ ਤੋਂ ਬਚਾਅ ਨਾਲ ਸੰਬੰਧਿਤ ਕਈ ਹੋਰ ਖਾਮੀਆਂ ਵੀ ਸਾਹਮਣੇ ਆਈਆਂ। ਕਮਿਸ਼ਨ ਦੇ ਮੈਂਬਰ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਿਵਲ ਹਸਪਤਾਲ ਲੋਕਾਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਹੁੰਦਾ ਹੈ, ਨਾ ਕਿ ਉਨ੍ਹਾਂ ਨੂੰ ਹੋਰ ਮੁਸ਼ਕਲਾਂ ਅਤੇ ਬਿਮਾਰੀਆਂ ਦੇ ਖ਼ਤਰੇ ‘ਚ ਧੱਕਣ ਲਈ।

ਇਸ ਮੌਕੇ ‘ਤੇ ਕਮਿਸ਼ਨ ਦੇ ਮੈਂਬਰ ਨੇ ਸਿਵਲ ਸਰਜਨ ਗੁਰਦਾਸਪੁਰ ਨੂੰ ਸਪਸ਼ਟ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਡਾਕਟਰਾਂ ਅਤੇ ਸਟਾਫ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਨਾਲ ਹੀ ਹਸਪਤਾਲ ਦੀ ਕਾਰਗੁਜ਼ਾਰੀ ‘ਚ ਤੁਰੰਤ ਸੁਧਾਰ ਲਿਆਂਦੇ ਜਾਣ ਦੇ ਹੁਕਮ ਵੀ ਦਿੱਤੇ ਗਏ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ ਅਤੇ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ।