ਪੰਜਾਬ (TTP) : ਪੰਜਾਬ ਵਿੱਚ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਦੇ ਨਿਲੰਬਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ’ਤੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਕਾਰਵਾਈ ਪ੍ਰਸ਼ਾਸਕੀ ਨਹੀਂ, ਸਗੋਂ “ਧੱਕੇਸ਼ਾਹੀ ਅਤੇ ਮਨਮਰਜ਼ੀ” ਦਾ ਨਤੀਜਾ ਹੈ।
ਸੁਨੀਲ ਜਾਖੜ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਦੋ ਆਈਏਐਸ ਅਧਿਕਾਰੀਆਂ ਨੂੰ ਨਿਲੰਬਿਤ ਕੀਤਾ ਗਿਆ ਹੈ, ਉਹ ਇਮਾਨਦਾਰ ਅਫ਼ਸਰ ਹਨ ਅਤੇ ਉਨ੍ਹਾਂ ਖ਼ਿਲਾਫ਼ ਇਹ ਕਦਮ ਕਿਸੇ ਪ੍ਰਸ਼ਾਸਕੀ ਗਲਤੀ ਕਾਰਨ ਨਹੀਂ, ਬਲਕਿ ਇਸ ਲਈ ਚੁੱਕਿਆ ਗਿਆ ਕਿਉਂਕਿ ਉਨ੍ਹਾਂ ਸਰਕਾਰ ਦੀ ਕਥਿਤ ਲੈਣ-ਦੇਣ ਵਾਲੀ ਨੀਤੀ ਨਾਲ ਸਹਿਮਤੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿੱਧਾ-ਸਿੱਧਾ ਪ੍ਰਸ਼ਾਸਕੀ ਇਮਾਨਦਾਰੀ ’ਤੇ ਹਮਲਾ ਹੈ।
ਜਾਖੜ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਕੇਂਦਰ ਸਰਕਾਰ ਦੀ ਮਿਸ਼ਨ ਸਮਰੱਥ ਆੰਗਣਵਾਡੀ ਯੋਜਨਾ ਨਾਲ ਜੁੜਿਆ ਹੋਇਆ ਹੈ। ਇਸ ਯੋਜਨਾ ਤਹਿਤ ਆੰਗਣਵਾਡੀ ਵਰਕਰਾਂ ਨੂੰ ਸਮਾਰਟਫੋਨ ਮੁਹੱਈਆ ਕਰਵਾਏ ਜਾਣੇ ਸਨ, ਪਰ ਪੰਜਾਬ ਸਰਕਾਰ ਕਥਿਤ ਤੌਰ ’ਤੇ ਇਸ ਖ਼ਰੀਦ ਪ੍ਰਕਿਰਿਆ ਰਾਹੀਂ ਆਪਣੇ ਮਨਪਸੰਦ ਲੋਕਾਂ ਨੂੰ ਫ਼ਾਇਦਾ ਪਹੁੰਚਾਉਣਾ ਚਾਹੁੰਦੀ ਸੀ। ਦੋਨਾਂ ਆਈਏਐਸ ਅਧਿਕਾਰੀਆਂ ਨੇ ਇਸ ’ਤੇ ਸਹਿਮਤੀ ਨਹੀਂ ਦਿੱਤੀ, ਜਿਸ ਕਾਰਨ ਯੋਜਨਾ ਵਿੱਚ ਦੇਰੀ ਹੋਈ ਅਤੇ ਨਤੀਜੇ ਵਜੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ।
ਭਾਜਪਾ ਨੇਤਾ ਨੇ ਕਿਹਾ ਕਿ ਜੇਕਰ ਲੈਣ-ਦੇਣ ਵਾਲੇ ਮਾਮਲਿਆਂ ’ਚ “ਹਾਂ” ਨਾ ਕਰਨ ’ਤੇ ਅਧਿਕਾਰੀਆਂ ਨੂੰ ਨਿਲੰਬਿਤ ਕੀਤਾ ਜਾਣ ਲੱਗੇ, ਤਾਂ ਇਹ ਪ੍ਰਸ਼ਾਸਕੀ ਪ੍ਰਣਾਲੀ ਲਈ ਬਹੁਤ ਹੀ ਖ਼ਤਰਨਾਕ ਸੰਕੇਤ ਹੈ। ਉਨ੍ਹਾਂ ਇਸ ਪੂਰੇ ਮਾਮਲੇ ਦੀ ਕੜੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਇਹ ਮਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਾਹਮਣੇ ਉਠਾਇਆ ਜਾਵੇਗਾ ਅਤੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾਵੇਗੀ।
ਸੁਨੀਲ ਜਾਖੜ ਨੇ ਪੰਜਾਬ ਸਰਕਾਰ ’ਤੇ ਇੱਕ ਹੋਰ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਫ਼ੈਸਲੇ ਉਹ ਲੋਕ ਕਰ ਰਹੇ ਹਨ ਜੋ ਪੰਜਾਬ ਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਹਰੋਂ ਆਏ ਲੋਕ ਪੰਜਾਬ ’ਤੇ ਹੁਕਮ ਚਲਾਉਣਗੇ, ਤਾਂ ਇਹ ਸੂਬੇ ਲਈ ਬੇਹੱਦ ਦੁੱਖਦਾਈ ਅਤੇ ਖ਼ਤਰਨਾਕ ਸਥਿਤੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਨੂੰ ਨਿਲੰਬਿਤ ਕੀਤਾ ਗਿਆ। ਇਨ੍ਹਾਂ ਵਿੱਚ ਆਈਏਐਸ ਅਧਿਕਾਰੀ ਕਮਲ ਕਿਸ਼ੋਰ ਯਾਦਵ, ਜੋ ਉਦਯੋਗ ਅਤੇ ਵਪਾਰ ਵਿਭਾਗ ਵਿੱਚ ਪ੍ਰਸ਼ਾਸਕੀ ਸਕੱਤਰ ਦੇ ਪਦ ’ਤੇ ਤੈਨਾਤ ਸਨ, ਨੂੰ ਆਲ ਇੰਡੀਆ ਸਰਵਿਸਿਜ਼ (ਡਿਸ਼ਪਲਿਨ ਐਂਡ ਅਪੀਲ) ਰੂਲਜ਼, 1969 ਦੇ ਨਿਯਮ 3(1) ਤਹਿਤ ਸਸਪੈਂਡ ਕੀਤਾ ਗਿਆ। ਇਸ ਦੇ ਨਾਲ ਹੀ ਜਸਪ੍ਰੀਤ ਸਿੰਘ, ਜੋ ਪੰਜਾਬ ਇੰਫੋਟੈਕ ਦੇ ਮੈਨੇਜਿੰਗ ਡਾਇਰੈਕਟਰ ਦੇ ਤੌਰ ’ਤੇ ਕੰਮ ਕਰ ਰਹੇ ਸਨ, ਨੂੰ ਵੀ ਤੁਰੰਤ ਪ੍ਰਭਾਵ ਨਾਲ ਨਿਲੰਬਿਤ ਕਰ ਦਿੱਤਾ ਗਿਆ।
ਆਈਏਐਸ ਅਧਿਕਾਰੀਆਂ ਦੇ ਨਿਲੰਬਨ ’ਤੇ ਸਿਆਸੀ ਤੂਫ਼ਾਨ ✨️✨️✨️✨️✨️ ਜਾਖੜ ਦਾ ਪੰਜਾਬ ਸਰਕਾਰ ’ਤੇ ਗੰਭੀਰ ਇਲਜ਼ਾਮ – “ਵੱਡੀ ਡੀਲ ’ਚ ਸ਼ਾਮਲ ਨਾ ਹੋਏ ਤਾਂ ਕਰ ਦਿੱਤਾ ਸਸਪੈਂਡ”
