ਜਲੰਧਰ, (ਤਾਰੀਖ-13-03-2026) – ਜਲੰਧਰ ਦੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਪਾਰਕ ਦੇ ਨੇੜੇ ਚੱਲ ਰਹੇ ਹੈਲਥ ਕੇਅਰ ਮੈਡੀਕਲ ਡਾਇਗਨੋਸਟਿਕ ਸੈਂਟਰ ਵਿੱਚ ਵੱਡੇ ਪੱਧਰ ‘ਤੇ ਗੰਭੀਰ ਬੇਨਿਯਮੀਆਂ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਬਿਨਾਂ ਕਿਸੇ ਡਾਕਟਰ ਦੀ ਮੌਜੂਦਗੀ ਦੇ ਇੱਕ ਆਮ ਰਿਸੈਪਸ਼ਨਰ ਲੜਕੀ ਲੋਕਾਂ ਦੇ ਬਲੱਡ ਸੈਂਪਲ ਲੈ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਸ਼ਿਕਾਇਤ ਆਰਟੀਆਈ ਏਜੰਸੀ ਆਫ ਇੰਡੀਆ ਵੱਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਸਿਵਿਲ ਸਰਜਨ ਜਲੰਧਰ ਦੀ ਟੀਮ ਮੌਕੇ ‘ਤੇ ਪਹੁੰਚੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮੈਡੀਕਲ ਸੈਂਟਰ ਵਿੱਚ ਨਾ ਤਾਂ ਕੋਈ ਡਾਕਟਰ ਮੌਜੂਦ ਸੀ ਅਤੇ ਨਾ ਹੀ ਮੌਕੇ ‘ਤੇ ਕੋਈ ਲਾਜ਼ਮੀ ਡਾਕੂਮੈਂਟ ਦਿਖਾਇਆ ਗਿਆ। ਇਸ ਦੇ ਬਾਵਜੂਦ ਉੱਥੇ ਆਮ ਲੜਕੀ ਵੱਲੋਂ ਲੋਕਾਂ ਦੇ ਬਲੱਡ ਸੈਂਪਲ ਲਏ ਜਾ ਰਹੇ ਸਨ, ਜੋ ਕਿ ਸਿਹਤ ਨਿਯਮਾਂ ਦੀ ਸਿੱਧੀ ਉਲੰਘਣਾ ਹੈ।
ਸਿਵਿਲ ਸਰਜਨ ਦੀ ਟੀਮ ਨੇ ਆਪਣੀ ਰਿਪੋਰਟ ਵਿੱਚ ਵੀ ਇਹ ਗੱਲ ਦਰਜ ਕੀਤੀ ਕਿ ਮੌਕੇ ‘ਤੇ ਕੋਈ ਡਾਕਟਰ ਮੌਜੂਦ ਨਹੀਂ ਸੀ ਅਤੇ ਬਲੱਡ ਸੈਂਪਲ ਇੱਕ ਲੜਕੀ ਵੱਲੋਂ ਲਏ ਜਾ ਰਹੇ ਸਨ। ਪਰ ਸਵਾਲ ਇਹ ਉੱਠਦਾ ਹੈ ਕਿ ਜੇ ਮੌਕੇ ‘ਤੇ ਇੰਨੀ ਵੱਡੀ ਗੜਬੜੀ ਸਾਹਮਣੇ ਆ ਗਈ ਸੀ ਤਾਂ ਤੁਰੰਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕੀ ਸਿਰਫ ਰਿਪੋਰਟ ਤਿਆਰ ਕਰਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਗਈ?
ਇਸ ਸਾਰੇ ਮਾਮਲੇ ‘ਤੇ ਹੁਣ ਗੰਭੀਰ ਸਵਾਲ ਖੜੇ ਹੋ ਰਹੇ ਹਨ ਕਿ ਕੀ ਪ੍ਰਸ਼ਾਸਨ ਦੀਆਂ ਜੇਬਾਂ ਵਿੱਚ ਮੋਟੀਆਂ ਰਕਮਾਂ ਪਹੁੰਚ ਗਈਆਂ ਹਨ ਜਾਂ ਫਿਰ ਮਹੀਨੇ ਦੀ ਥਾਂ “ਹਫਤਾ ਵਸੂਲੀ” ਦੇ ਖੇਡ ਵਿੱਚ ਪ੍ਰਸ਼ਾਸਨ ਵੀ ਸ਼ਾਮਲ ਹੋ ਗਿਆ ਹੈ। ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਗੈਰਕਾਨੂੰਨੀ ਡਾਇਗਨੋਸਟਿਕ ਸੈਂਟਰ ਨੂੰ ਬਚਾਉਣ ਦੇ ਪਿੱਛੇ ਕਿਸ ਦੀ ਸਰਪ੍ਰਸਤੀ ਹੈ, ਇਹ ਵੀ ਵੱਡਾ ਸਵਾਲ ਬਣ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਆਰਟੀਆਈ ਏਜੰਸੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਸੁਮਿਤ ਕੁਮਾਰ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਕਿਹਾ ਹੈ ਕਿ ਇਸ ਸਾਰੇ ਘਪਲੇ ਨੂੰ ਲੈ ਕੇ ਜਲਦ ਹੀ ਮਾਨਯੋਗ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ। ਇਸ ਪਟੀਸ਼ਨ ਵਿੱਚ ਹੈਲਥ ਕੇਅਰ ਮੈਡੀਕਲ ਡਾਇਗਨੋਸਟਿਕ ਸੈਂਟਰ ਦੇ ਮਾਲਕ, ਬਲੱਡ ਸੈਂਪਲ ਲੈਣ ਵਾਲੀ ਲੜਕੀ, ਜਾਂਚ ਕਰਨ ਗਈ ਸਿਵਿਲ ਸਰਜਨ ਦੀ ਟੀਮ ਅਤੇ ਜਲੰਧਰ ਪੁਲਿਸ ਪ੍ਰਸ਼ਾਸਨ ਸਮੇਤ ਮਾਡਲ ਟਾਊਨ ਏਸੀਪੀ ਨੂੰ ਵੀ ਪਾਰਟੀ ਬਣਾਇਆ ਜਾਵੇਗਾ।
ਉਹਨਾਂ ਕਿਹਾ ਕਿ ਜੇ ਮੌਕੇ ‘ਤੇ ਸਾਰਾ ਕੁਝ ਗਲਤ ਪਾਇਆ ਗਿਆ ਸੀ ਤਾਂ ਤੁਰੰਤ ਕੇਸ ਦਰਜ ਕਰਕੇ ਸੈਂਟਰ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ। ਇਸ ਗੰਭੀਰ ਲਾਪਰਵਾਹੀ ਅਤੇ ਸੰਭਾਵਿਤ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਰਟੀਆਈ ਏਜੰਸੀ ਆਫ ਇੰਡੀਆ ਨੇ ਸਪਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਵੱਡੇ ਪੱਧਰ ‘ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਦੇ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।










