ਪੇਂਟ ਦਾ ਕੰਮ ਕਰ ਕਰ ਅੱਕਿਆ” ਬਣ ਗਿਆ ਨਜਾਇਜ਼ ਦੁਕਾਨਾਂ ਬਣਾਉਣ ਵਾਲਾ ਡੀਲਰ
ਜਲੰਧਰ: (ਸੁਮਿਤ ਕੁਮਾਰ):-
ਜਲੰਧਰ ਦੇ ਘਾਮੰਡੀ ਚੁੰਗੀ ਤੋਂ ਸ਼ਮਸ਼ਾਨ ਘਾਟ ਵਾਲੇ ਪਾਸੇ ਜਾਂਦੇ ਹੋਏ ਦਸ਼ਮੇਸ਼ ਨਗਰ ਰੋਡ ‘ਤੇ ਨਜਾਇਜ਼ ਤਰੀਕੇ ਨਾਲ ਦੁਕਾਨਾਂ ਦੀ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦੇ ਮੁਤਾਬਕ ਇੱਥੇ ਤਿੰਨ ਦੁਕਾਨਾਂ ਦੀ ਪੂਰੀ ਖੇਡ ਨਜਾਇਜ਼ ਤਰੀਕੇ ਨਾਲ ਚੱਲ ਰਹੀ ਹੈ, ਜਿਸ ਕਾਰਨ ਸਰਕਾਰ ਨੂੰ ਭਾਰੀ ਰੈਵੀਨਿਊ ਦਾ ਨੁਕਸਾਨ ਹੋ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਮਸ਼ਾਨ ਘਾਟ ਤੋਂ ਪਹਿਲਾਂ ਸੱਜੇ ਪਾਸੇ ਮੁੜ ਕੇ ਦਸ਼ਮੇਸ਼ ਨਗਰ ਰੋਡ ‘ਤੇ ਜਾਂਦੇ ਹੋਏ ਖੱਬੇ ਹੱਥ ਪੈਂਦੀ ਪੇਂਟ ਦੀ ਫੈਕਟਰੀ ਤੋਂ ਕੁਝ ਦੁਕਾਨਾਂ ਅੱਗੇ ਇਕ ਨਜਾਇਜ਼ ਦੁਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਰੀਬ 20 ਕਦਮ ਦੀ ਦੂਰੀ ‘ਤੇ ਹੋਰ ਦੋ ਦੁਕਾਨਾਂ ਵੀ ਨਿਯਮਾਂ ਨੂੰ ਅਣਡਿੱਠਾ ਕਰਕੇ ਤਿਆਰ ਕੀਤੀਆਂ ਜਾ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਦੋ ਦੁਕਾਨਾਂ ਦੇ ਬਾਹਰ ਨਗਰ ਨਿਗਮ ਜਲੰਧਰ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਪਰ ਇਸ ਦੇ ਬਾਵਜੂਦ ਵੀ ਉਸਾਰੀ ਦਾ ਕੰਮ ਲਗਾਤਾਰ ਜਾਰੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਦੁਕਾਨਾਂ ਕਾਨੂੰਨੀ ਤਰੀਕੇ ਨਾਲ ਨਕਸ਼ਾ ਪਾਸ ਕਰਵਾ ਕੇ ਬਣਾਈਆਂ ਜਾਂਦੀਆਂ ਤਾਂ ਇਲਾਕੇ ਵਿੱਚ ਪਾਰਕਿੰਗ ਦੀ ਸਮੱਸਿਆ ਪੈਦਾ ਨਾ ਹੁੰਦੀ। ਪਰ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਇਨ੍ਹਾਂ ਦੁਕਾਨਾਂ ਕਾਰਨ ਮਾਰਕੀਟ ਵਿੱਚ ਪਾਰਕਿੰਗ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ।
ਸੂਤਰਾਂ ਅਨੁਸਾਰ ਇਸ ਪਿੱਛੇ ਇੱਕ ਪੇਂਟ ਫੈਕਟਰੀ ਨਾਲ ਜੁੜਿਆ ਵਿਅਕਤੀ ਦੱਸਿਆ ਜਾ ਰਿਹਾ ਹੈ, ਜੋ ਪਹਿਲਾਂ ਫੈਕਟਰੀ ਦਾ ਕੰਮ ਕਰਦਾ ਸੀ ਪਰ ਹੁਣ ਵੱਧ ਮੁਨਾਫੇ ਦੀ ਲਾਲਚ ਵਿੱਚ ਨਜਾਇਜ਼ ਤਰੀਕੇ ਨਾਲ ਦੁਕਾਨਾਂ ਤਿਆਰ ਕਰਕੇ ਵੇਚਣ ਦਾ ਧੰਧਾ ਸ਼ੁਰੂ ਕਰ ਚੁੱਕਾ ਹੈ। ਇੱਕ ਦੁਕਾਨ ਨੂੰ ਤਾਂ ਘਰੇਲੂ ਤਰਜ਼ ‘ਤੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਨੂੰ ਘਰ ਦੱਸ ਕੇ ਕਾਰਵਾਈ ਤੋਂ ਬਚਿਆ ਜਾ ਸਕੇ, ਜਦਕਿ ਅਸਲ ਵਿੱਚ ਉਹ ਵੀ ਦੁਕਾਨ ਹੀ ਬਣਾਈ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਪਹਿਲੀ ਨਜਾਇਜ਼ ਦੁਕਾਨ ਰਾਮਪਾਲ ਬਿਲਡਿੰਗ ਵਰਕ ਦੀ ਦੁਕਾਨ ਦੇ ਸਾਹਮਣੇ ਬਣਾਈ ਜਾ ਰਹੀ ਹੈ, ਜਦਕਿ ਹੋਰ ਦੋ ਦੁਕਾਨਾਂ ਕੁਝ ਦੂਰੀ ‘ਤੇ ਬਣ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਨਜਾਇਜ਼ ਉਸਾਰੀਆਂ ਨੂੰ ਬਚਾਉਣ ਲਈ ਇੱਕ ਪ੍ਰੋਪਰਟੀ ਡੀਲਰ ਸਰਗਰਮ ਦਿਖਾਈ ਦੇ ਰਿਹਾ ਹੈ ਅਤੇ ਇਹਨਾਂ ਨੂੰ ਕਾਰਵਾਈ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਦੋਂ ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਤਾਂ ਫਿਰ ਵੀ ਉਸਾਰੀ ਦਾ ਕੰਮ ਕਿਵੇਂ ਜਾਰੀ ਹੈ? ਕੀ ਇਸ ਦੇ ਪਿੱਛੇ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਹੈ ਜਾਂ ਫਿਰ ਕਾਨੂੰਨ ਦੀ ਧੱਜੀਆਂ ਉਡਾਉਣ ਵਾਲਿਆਂ ਨੂੰ ਖੁੱਲ੍ਹੀ ਛੂਟ ਦਿੱਤੀ ਗਈ ਹੈ?
ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਜਲੰਧਰ ਤੁਰੰਤ ਮੌਕੇ ‘ਤੇ ਜਾਂਚ ਕਰੇ ਅਤੇ ਨਜਾਇਜ਼ ਤਰੀਕੇ ਨਾਲ ਬਣ ਰਹੀਆਂ ਦੁਕਾਨਾਂ ‘ਤੇ ਸਖ਼ਤ ਕਾਰਵਾਈ ਕਰਕੇ ਸਰਕਾਰੀ ਰੈਵੀਨਿਊ ਨੂੰ ਹੋ ਰਹੇ ਨੁਕਸਾਨ ਨੂੰ ਰੋਕੇ।

(ਰਿਪੋਰਟ: Time TV Punjab)
