ਜਲੰਧਰ (ਸੁਮਿਤ ਕੁਮਾਰ):
ਜਲੰਧਰ ਕੈਂਟ ਹਲਕੇ ਦੇ ਅਧੀਨ ਆਉਂਦੇ ਸੰਸਾਰਪੁਰ ਇਲਾਕੇ ਵਿੱਚ ਨਾਜਾਇਜ਼ ਕਾਲੋਨੀ ਕੱਟਣ ਦਾ ਮਾਮਲਾ ਹੁਣ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ, ਜਿਸ ਨੇ ਸਥਾਨਕ ਪ੍ਰਸ਼ਾਸਨ ਅਤੇ ਰਾਜਨੀਤਿਕ ਪ੍ਰਣਾਲੀ ਦੋਵਾਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਿਕ ਇਹ ਕਾਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਤੋਂ ਤਿਆਰ ਕੀਤੀ ਜਾ ਰਹੀ ਹੈ ਅਤੇ ਸੰਬੰਧਿਤ ਵਿਭਾਗਾਂ ਕੋਲ ਇਸਦੇ ਕੋਈ ਪੂਰੇ ਦਸਤਾਵੇਜ਼ ਜਮ੍ਹਾ ਨਹੀਂ ਹਨ।
ਸੰਸਾਰਪੁਰ ਦੇ ਨੇੜਲੇ ਇਲਾਕੇ ਗੁਰਦਿਆਲ ਇੰਕਲੇਵ ਅਤੇ ਗੁਰਦਿਆਲ ਇਕਟੇਂਸ਼ਨ ਵਿੱਚ ਦਿਨ-ਰਾਤ ਤੀਵਰ ਗਤੀ ਨਾਲ ਨਿਰਮਾਣ ਕਾਰਜ ਚੱਲ ਰਿਹਾ ਹੈ। ਮੌਕੇ ‘ਤੇ ਮੌਜੂਦ ਮਜ਼ਦੂਰਾਂ ਨਾਲ ਗੱਲਬਾਤ ਕਰਨ ‘ਤੇ ਉਹ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਬਾਰੇ ਸਪਸ਼ਟ ਜਾਣਕਾਰੀ ਨਹੀਂ ਦੇ ਸਕੇ, ਪਰ ਪਿੱਛੇ ਕਈ ਪ੍ਰਭਾਵਸ਼ਾਲੀ ਨਾਂ ਸਾਹਮਣੇ ਆਉਣ ਦੀ ਚਰਚਾ ਜ਼ਰੂਰ ਹੈ।
ਸੂਤਰਾਂ ਅਨੁਸਾਰ ਇਸ ਨਾਜਾਇਜ਼ ਕਾਲੋਨੀ ਦੇ ਪਿੱਛੇ ਇੱਕ ਪਿੰਡ ਦਾ ਸਰਪੰਚ ਦੱਸਿਆ ਜਾ ਰਿਹਾ ਹੈ, ਜਿਸ ਨੂੰ ਰਾਜਨੀਤਿਕ ਸਹਾਰਾ ਮਿਲਣ ਦੀਆਂ ਗੱਲਾਂ ਵੀ ਜ਼ੋਰਾਂ ‘ਤੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਕਾਨੂੰਨੀ ਪ੍ਰਕਿਰਿਆ ਨੂੰ ਨਜ਼ਰਅੰਦਾਜ਼ ਕਰਦਿਆਂ ਇੱਥੇ ਰਿਹਾਇਸ਼ੀ ਅਤੇ ਵਪਾਰਕ ਦੋਵਾਂ ਕਿਸਮ ਦੇ ਪਲਾਟ ਧੜੱਲੇ ਨਾਲ ਕੱਟੇ ਜਾ ਰਹੇ ਹਨ ਅਤੇ ਕੁਝ ਪਲਾਟਾਂ ‘ਤੇ ਤਾਮੀਰ ਵੀ ਸ਼ੁਰੂ ਹੋ ਚੁੱਕੀ ਹੈ।
ਇਸ ਗੈਰਕਾਨੂੰਨੀ ਵਿਕਾਸ ਕਾਰਨ ਸਰਕਾਰੀ ਖਜ਼ਾਨੇ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ, ਕਿਉਂਕਿ ਬਿਨਾਂ ਮਨਜ਼ੂਰੀ ਦੇ ਹੋ ਰਹੀ ਪਲਾਟਿੰਗ ਨਾਲ ਸਰਕਾਰ ਨੂੰ ਮਿਲਣ ਵਾਲੀ ਫੀਸ ਅਤੇ ਟੈਕਸ ਦੀ ਉਗਰਾਹੀ ‘ਤੇ ਸਿੱਧਾ ਅਸਰ ਪੈਂਦਾ ਹੈ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸੰਬੰਧਿਤ ਵਿਭਾਗ ਇਸ ਮਾਮਲੇ ‘ਚ ਕੋਈ ਸਖ਼ਤ ਕਾਰਵਾਈ ਕਰੇਗਾ ਜਾਂ ਫਿਰ ਇਹ ਨਾਜਾਇਜ਼ ਕਾਲੋਨੀ ਵੀ ਹੋਰ ਮਾਮਲਿਆਂ ਵਾਂਗ ਰਾਜਨੀਤਿਕ ਛਤਰਛਾਇਆ ਹੇਠ ਫਲਦੀ-ਫੂਲਦੀ ਰਹੇਗੀ? ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਦੀ ਕਾਰਵਾਈ ਇਸ ਮਾਮਲੇ ਦੀ ਦਿਸ਼ਾ ਨਿਰਧਾਰਿਤ ਕਰੇਗੀ।
