ਜਲੰਧਰ/ ਸੁਮਿਤ ਕੁਮਾਰ, 6 ਮਈ — ਜਲੰਧਰ ਦੇ Punjab Institute of Medical Sciences (PIMS) ਹਸਪਤਾਲ ਦੀ ਪੇਡ ਪਾਰਕਿੰਗ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਕਾਰਾਂ ਅਤੇ ਮੋਟਰਸਾਈਕਲਾਂ ਦੀ ਪਾਰਕਿੰਗ ਦੇ ਨਾਂ ‘ਤੇ ਪੈਸੇ ਵਸੂਲੇ ਜਾ ਰਹੇ ਹਨ, ਪਰ ਪਾਰਕਿੰਗ ਰਸੀਦ ‘ਤੇ ਸਾਫ਼ ਲਿਖਿਆ ਹੋਇਆ ਹੈ — “Parked At Owner’s Risk” ਅਤੇ “No Responsibility Of Articles Attached With Vehicle”।
ਮਤਲਬ ਸਾਫ਼ ਹੈ ਕਿ ਜੇਕਰ ਵਾਹਨ ਚੋਰੀ ਹੋ ਜਾਵੇ, ਨੁਕਸਾਨ ਹੋ ਜਾਵੇ ਜਾਂ ਗੱਡੀ ਵਿੱਚ ਪਿਆ ਸਮਾਨ ਗਾਇਬ ਹੋ ਜਾਵੇ ਤਾਂ ਉਸਦੀ ਕੋਈ ਜਿੰਮੇਵਾਰੀ ਪਾਰਕਿੰਗ ਠੇਕੇਦਾਰ ਜਾਂ ਪ੍ਰਬੰਧਕ ਨਹੀਂ ਲੈਣਗੇ। ਹੁਣ ਆਮ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਜਦੋਂ ਸੁਰੱਖਿਆ ਦੀ ਕੋਈ ਗਾਰੰਟੀ ਹੀ ਨਹੀਂ ਤਾਂ ਫਿਰ ਪਾਰਕਿੰਗ ਫੀਸ ਕਿਸ ਗੱਲ ਦੀ ਲਈ ਜਾ ਰਹੀ ਹੈ?
ਰਸੀਦ ‘ਤੇ ਇਹ ਵੀ ਲਿਖਿਆ ਗਿਆ ਹੈ ਕਿ ਪਾਰਕਿੰਗ ਸਿਰਫ 8 ਘੰਟਿਆਂ ਲਈ ਵੈਧ ਹੈ, ਪਰ ਉਸਦੇ ਬਾਵਜੂਦ ਵਾਹਨਾਂ ਦੀ ਸੁਰੱਖਿਆ ਦੀ ਕੋਈ ਜਿੰਮੇਵਾਰੀ ਨਾ ਲੈਣਾ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਜੇ “ਆਪਣੇ ਜੋਖਮ ‘ਤੇ ਪਾਰਕਿੰਗ” ਹੀ ਕਰਨੀ ਹੈ ਤਾਂ ਫਿਰ ਲੋਕ ਆਪਣੀਆਂ ਗੱਡੀਆਂ ਬਿਨਾਂ ਪੈਸੇ ਦਿੱਤੇ ਵੀ ਖੜੀਆਂ ਕਰ ਸਕਦੇ ਹਨ।
ਮਰੀਜ਼ ਪਹਿਲਾਂ ਹੀ ਇਲਾਜ ਅਤੇ ਦਵਾਈਆਂ ਦੇ ਮਹਿੰਗੇ ਖਰਚਿਆਂ ਹੇਠ ਪਰੇਸ਼ਾਨ ਹਨ, ਉੱਪਰੋਂ ਪਾਰਕਿੰਗ ਦੇ ਨਾਂ ‘ਤੇ ਪੈਸੇ ਲੈ ਕੇ ਵੀ ਕਿਸੇ ਤਰ੍ਹਾਂ ਦੀ ਜਿੰਮੇਵਾਰੀ ਨਾ ਲੈਣਾ ਲੋਕਾਂ ਨਾਲ ਧੱਕੇਸ਼ਾਹੀ ਵਰਗਾ ਮਾਮਲਾ ਦੱਸਿਆ ਜਾ ਰਿਹਾ ਹੈ।
ਸਮਾਜਿਕ ਵਰਗਾਂ ਅਤੇ ਆਮ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਇਹ ਸਪਸ਼ਟ ਕੀਤਾ ਜਾਵੇ ਕਿ ਜੇ ਪਾਰਕਿੰਗ ਪੇਡ ਹੈ ਤਾਂ ਫਿਰ ਸੁਰੱਖਿਆ ਦੀ ਜਿੰਮੇਵਾਰੀ ਕੌਣ ਲਵੇਗਾ। ਨਹੀਂ ਤਾਂ ਇਹ ਸਿਰਫ ਆਮ ਜਨਤਾ ਤੋਂ ਪੈਸੇ ਇਕੱਠੇ ਕਰਨ ਦਾ ਸਾਧਨ ਬਣ ਕੇ ਰਹਿ ਗਿਆ ਹੈ।









![]()
![]()












