ਜਲੰਧਰ: ਸ਼ਹਿਰ ਦੇ ਰੁਸ਼ਭਰੇ ਫੁੱਟਬਾਲ ਚੌਂਕ ਵਿਖੇ ਲੱਗੇ ਟ੍ਰੈਫਿਕ ਸਿਗਨਲ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਟ੍ਰੈਫਿਕ ਸਿਗਨਲ ‘ਤੇ ਇੱਕੋ ਸਮੇਂ ਰੈੱਡ ਲਾਈਟ ਅਤੇ ਗ੍ਰੀਨ ਐਰੋ ਜਗਦੇ ਹੋਏ ਦਿਖਾਈ ਦੇ ਰਹੇ ਹਨ, ਜਿਸ ਕਾਰਨ ਵਾਹਨ ਚਾਲਕਾਂ ਵਿੱਚ ਭਾਰੀ ਉਲਝਣ ਪੈਦਾ ਹੋ ਰਹੀ ਹੈ।
ਵਾਇਰਲ ਤਸਵੀਰ ਫੁੱਟਬਾਲ ਚੌਂਕ ਤੋਂ ਚਿਕ-ਚਿਕ ਚੌਂਕ ਰਾਹੀਂ ਨਕੋਦਰ ਚੌਂਕ ਵੱਲ ਜਾਣ ਵਾਲੇ ਰਸਤੇ ਦੀ ਦੱਸੀ ਜਾ ਰਹੀ ਹੈ। ਤਸਵੀਰ ਵਿੱਚ ਸਾਫ਼ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਉੱਪਰ ਰੈੱਡ ਸਿਗਨਲ ਚਾਲੂ ਹੈ, ਜਦਕਿ ਹੇਠਾਂ ਗ੍ਰੀਨ ਐਰੋ ਵੀ ਜਗ ਰਿਹਾ ਹੈ। ਅਜਿਹੀ ਸਥਿਤੀ ਵਿੱਚ ਵਾਹਨ ਚਾਲਕ ਇਹ ਸਮਝਣ ਵਿੱਚ ਅਸਮਰੱਥ ਹਨ ਕਿ ਉਨ੍ਹਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਜਾਂ ਰੁਕਣਾ ਚਾਹੀਦਾ ਹੈ।
ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕਰਨ ਵਾਲੇ ਇੱਕ ਯੂਜ਼ਰ ਨੇ ਤੰਜ ਕਰਦਿਆਂ ਲਿਖਿਆ, “ਹੁਣ ਜਾਈਏ ਜਾਂ ਰੁਕੀਏ?” ਜਿਸ ਤੋਂ ਬਾਅਦ ਕਮੈਂਟ ਸੈਕਸ਼ਨ ਵਿੱਚ ਲੋਕਾਂ ਨੇ ਟ੍ਰੈਫਿਕ ਪ੍ਰਬੰਧਾਂ ‘ਤੇ ਤਿੱਖੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਕਈ ਨਾਗਰਿਕਾਂ ਦਾ ਕਹਿਣਾ ਹੈ ਕਿ ਜੇਕਰ ਟ੍ਰੈਫਿਕ ਸਿਗਨਲ ਇਸ ਤਰ੍ਹਾਂ ਵਿਰੋਧਾਭਾਸੀ ਸੰਕੇਤ ਦੇਣਗੇ ਤਾਂ ਇਹ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਫੁੱਟਬਾਲ ਚੌਂਕ ਸਮੇਤ ਸ਼ਹਿਰ ਦੇ ਹੋਰ ਟ੍ਰੈਫਿਕ ਸਿਗਨਲਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਤਕਨੀਕੀ ਖਾਮੀਆਂ ਨੂੰ ਫੌਰੀ ਤੌਰ ‘ਤੇ ਦੂਰ ਕੀਤਾ ਜਾਵੇ, ਤਾਂ ਜੋ ਸੜਕਾਂ ‘ਤੇ ਚੱਲਣ ਵਾਲੇ ਲੋਕਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਸਵਾਲ ਇਹ ਹੈ ਕਿ ਜਦੋਂ ਟ੍ਰੈਫਿਕ ਸਿਗਨਲ ਹੀ ਵਾਹਨ ਚਾਲਕਾਂ ਨੂੰ ਵੱਖ-ਵੱਖ ਸੰਕੇਤ ਦੇਣ ਲੱਗ ਪੈਣ, ਤਾਂ ਸੜਕ ਸੁਰੱਖਿਆ ਦੀ ਜ਼ਿੰਮੇਵਾਰੀ ਆਖ਼ਿਰ ਕੌਣ ਲਵੇਗਾ?







