ਦਿਓਲ ਨਗਰ ਵਿੱਚ ਕਥਿਤ ਨਾਜਾਇਜ਼ ਵਪਾਰਕ ਦੁਕਾਨ ਦੀ ਉਸਾਰੀ ਖ਼ਿਲਾਫ਼ ਨਗਰ ਨਿਗਮ ਤੇ PSPCL ਨੂੰ ਸ਼ਿਕਾਇਤ

ਜਲੰਧਰ, 10 ਜੁਲਾਈ: ਦਿਓਲ ਨਗਰ ਖੇਤਰ ਵਿੱਚ ਕਥਿਤ ਤੌਰ ‘ਤੇ ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਲੋੜੀਂਦੀਆਂ ਕਾਨੂੰਨੀ ਮਨਜ਼ੂਰੀਆਂ ਤੋਂ ਬਿਨਾਂ ਬਣਾਈ ਗਈ ਇੱਕ ਵਪਾਰਕ ਦੁਕਾਨ ਦਾ ਮਾਮਲਾ ਸਾਹਮਣੇ ਆਇਆ ਹੈ।

ਆਰਟੀਆਈ ਏਜੰਸੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਸੁਮਿਤ ਕੁਮਾਰ ਵੱਲੋਂ ਇਸ ਸਬੰਧੀ ਨਗਰ ਨਿਗਮ ਜਲੰਧਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ।

ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਨਕੋਦਰ ਰੋਡ ਤੋਂ ਤਿਲਕ ਨਗਰ ਰੋਡ ਵੱਲ ਜਾਂਦੇ ਹੋਏ ਸ਼ਿਲਪਾ ਬਿਊਟੀ ਪਾਰਲਰ ਅਤੇ ਏਪੈਕਸ ਬਿਲਡਰਸ ਪ੍ਰਾਪਰਟੀ ਐਡਵਾਈਜ਼ਰ ਦੇ ਵਿਚਕਾਰ, ਕੋਠੀ ਨੰਬਰ 45/11, ਦਿਓਲ ਨਗਰ ਦੇ ਨਾਲ ਇੱਕ ਨਵੀਂ ਵਪਾਰਕ ਦੁਕਾਨ ਦਾ ਨਿਰਮਾਣ ਕਰਕੇ ਉਸ ‘ਤੇ ਸ਼ਟਰ ਲਗਾ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਇਹ ਉਸਾਰੀ ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਅਤੇ ਲੋੜੀਂਦੀਆਂ ਕਾਨੂੰਨੀ ਮਨਜ਼ੂਰੀਆਂ ਤੋਂ ਬਿਨਾਂ ਕੀਤੀ ਗਈ ਹੈ।

ਨਗਰ ਨਿਗਮ ਜਲੰਧਰ ਨੂੰ ਭੇਜੀ ਗਈ ਸ਼ਿਕਾਇਤ ਵਿੱਚ ਮੌਕੇ ‘ਤੇ ਜਾਂਚ ਕਰਕੇ ਜੇਕਰ ਉਸਾਰੀ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਜਾਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਤੋਂ ਇਲਾਵਾ PSPCL ਨੂੰ ਭੇਜੀ ਗਈ ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਜਦ ਤੱਕ ਸਬੰਧਤ ਇਮਾਰਤ ਦੇ ਸਾਰੇ ਕਾਨੂੰਨੀ ਦਸਤਾਵੇਜ਼ ਅਤੇ ਮਨਜ਼ੂਰੀਆਂ ਦੀ ਜਾਂਚ ਨਹੀਂ ਹੋ ਜਾਂਦੀ, ਤਦ ਤੱਕ ਇਸ ਵਪਾਰਕ ਇਮਾਰਤ ਨੂੰ ਕੋਈ ਵੀ ਨਵਾਂ ਬਿਜਲੀ ਕੁਨੈਕਸ਼ਨ ਜਾਰੀ ਨਾ ਕੀਤਾ ਜਾਵੇ।

ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਜੇਕਰ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਅਤੇ ਹੋਰ ਸਮਰੱਥ ਕਾਨੂੰਨੀ ਫੋਰਮਾਂ ਅੱਗੇ ਵੀ ਉਠਾਉਣਗੇ।