ਮੁਕੇਰੀਆਂ, (ਦਲਵੀਰ ਚਰਖਾ):
ਭਾਰਤੀ ਮਾਨਵ ਅਧਿਕਾਰ ਮਹਾਂ ਸੰਘ ਦਾ ਇੱਕ ਪ੍ਰਤੀਨਿਧੀ ਮੰਡਲ ਪੰਜਾਬ ਪ੍ਰਧਾਨ ਬੰਟੀ ਜੋਗੀ ਦੀ ਅਗਵਾਈ ਹੇਠ ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਜੋਤ ਸਨਾ ਸਿੰਘ ਠਾਕੁਰ ਨੂੰ ਮਿਲਿਆ। ਇਸ ਮੌਕੇ ਕੌਮੀ ਉਪ ਪ੍ਰਧਾਨ ਨਰੇਸ਼ ਸ਼ਰਮਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਬੰਟੀ ਜੋਗੀ ਨੇ ਸ਼ਹਿਰ ਵਿੱਚ ਵੱਧ ਰਹੀ ਗੰਦਗੀ ਅਤੇ ਕੂੜੇ ਦੇ ਢੇਰਾਂ ਦਾ ਮੁੱਦਾ ਉਠਾਉਂਦੇ ਹੋਏ ਦੱਸਿਆ ਕਿ ਦੇਵਾ ਕਲੋਨੀ ਨੇੜੇ ਲੰਬੇ ਸਮੇਂ ਤੋਂ ਕੂੜਾ ਇਕੱਠਾ ਪਿਆ ਹੋਇਆ ਸੀ, ਜਿਸ ਨੂੰ ਅੱਗ ਲੱਗਣ ਕਾਰਨ ਕਈ ਹਰੇ-ਭਰੇ ਬੂਟਿਆਂ ਦਾ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕੂੜਾ ਨਾ ਚੁੱਕਣਾ ਸਬੰਧਤ ਵਿਭਾਗ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ।
ਕੌਮੀ ਉਪ ਪ੍ਰਧਾਨ ਨਰੇਸ਼ ਸ਼ਰਮਾ ਨੇ ਸਿਵਲ ਹਸਪਤਾਲ ਮੁਕੇਰੀਆਂ ਦੇ ਬਾਹਰ ਲੱਗੀਆਂ ਰੇੜੀਆਂ ਅਤੇ ਫੜੀਆਂ ਕਾਰਨ ਪੈਦਾ ਹੋ ਰਹੀ ਟ੍ਰੈਫਿਕ ਅਤੇ ਆਵਾਜਾਈ ਸਮੱਸਿਆ ਵੱਲ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤਾਂ ਵਿੱਚ ਐਂਬੂਲੈਂਸਾਂ ਨੂੰ ਹਸਪਤਾਲ ਅੰਦਰ ਦਾਖਲ ਹੋਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਰੇੜੀ-ਫੜੀ ਧਾਰਕਾਂ ਲਈ ਕੋਈ ਉਚਿਤ ਥਾਂ ਨਿਰਧਾਰਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਰੋਜ਼ਗਾਰ ਵੀ ਪ੍ਰਭਾਵਿਤ ਨਾ ਹੋਵੇ ਅਤੇ ਆਮ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਸੰਤੋਸ਼ ਰਾਣੀ ਨੇ ਐਸ.ਡੀ.ਐਮ. ਮੁਕੇਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਫੋਨ ਕਰਕੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਸਿਵਲ ਹਸਪਤਾਲ ਅਤੇ ਨਗਰ ਕੌਂਸਲ ਨਾਲ ਸਬੰਧਤ ਮਾਮਲਿਆਂ ਦੇ ਜਲਦ ਹੱਲ ਦਾ ਭਰੋਸਾ ਵੀ ਦਿੱਤਾ ਗਿਆ।
