ਗੁਰਦੁਆਰਾ ਤਪ ਅਸਥਾਨ ਸ਼ਹੀਦ ਬਾਬਾ ਸਿਲਵਰਾ ਜੀ-ਸ਼ਹੀਦ ਬਾਬਾ ਡੋਗਰ ਜੀ ਵਿਖੇ ਤਿੰਨ ਰੋਜ਼ਾ ਧਾਰਮਿਕ ਜੋੜ ਮੇਲਾ ਤਨ ਮਨ ਗੁਰੂ ਨੂੰ ਅਰਪਣ ਕਰਨ ਦਾ ਸੰਦੇਸ਼ ਦਿੰਦਿਆਂ ਸਮਾਪਤ

ਹੁਸ਼ਿਆਰਪੁਰ, 6 ਜੁਲਾਈ (ਹਰਵਿੰਦਰ ਸਿੰਘ ਭੂੰਗਰਨੀ)-ਗੁਰਦੁਆਰਾ ਤਪ ਅਸਥਾਨ ਸ਼ਹੀਦ ਬਾਬਾ ਸਿਲਵਰਾ ਜੀ-ਸ਼ਹੀਦ ਬਾਬਾ ਡੋਗਰ ਜੀ ਪਿੰਡ ਝੰਡੇਰ ਵਿਖੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਝੰਡੇਰ ਵਾਲਿਆਂ ਦੀ ਸੁਚੱਜੀ ਦੇਖ-ਰੇਖ ਹੇਠ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨਾਇਆ ਜਾ ਰਿਹਾ 3 ਦਿਨਾਂ ਧਾਰਮਿਕ ਜੋੜ ਮੇਲਾ ਗੁਰੂ ਨੂੰ ਤਨ-ਮਨ ਅਰਪਣ ਕਰਨ ਦਾ ਸੰਦੇਸ਼ ਦਿੰਦਿਆਂ ਸਮਾਪਤ ਹੋ ਗਿਆ। ਜੋੜ ਮੇਲੇ ਦੇ ਦੌਰਾਨ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਸੰਤ ਬਾਬਾ ਜਗੀਰ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ, ਬਾਬਾ ਅਜੀਤ ਸਿੰਘ ਜੀ ਚਾਹਲਾਂ ਵਾਲੇ ਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰੀਆਂ। ਅੱਜ ਆਖਰੀ ਦਿਨ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਬਲਵਿੰਦਰ ਸਿੰਘ ਜੀ ਝੰਡੇਰ ਵਾਲੇ, ਭਾਈ ਰਣਜੋਧ ਸਿੰਘ ਜੀ ਨਡਾਲੋਂ ਛੜਪੋਤੇ ਭਰਾਤਾ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲੇ, ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲੇ, ਢਾਡੀ ਜਥਾ ਭਾਈ ਦਲਜੀਤ ਸਿੰਘ ਵਿਛੋਆ, ਕਥਾਕਾਰ ਭਾਈ ਚਰਨਜੀਤ ਸਿੰਘ ਖਾਲਸਾ, ਬੱਚਿਆਂ ਦੇ ਜਥੇ ਤੇ ਸੰਤ ਮਹਾਂ-ਪੁਰਸ਼ਾਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਕਥਾ-ਕੀਰਤਨ, ਗੁਰਮਤਿ ਵਿਚਾਰਾਂ ਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ l ਇਸ ਮੌਕੇ ਜਿੱਥੇ ਮੰਚ ਸੰਚਾਲਣ ਦੀ ਸੇਵਾ ਸੰਤ ਬਾਬਾ ਬਲਵਿੰਦਰ ਸਿੰਘ ਜੀ ਝੰਡੇਰ ਵਾਲਿਆਂ ਨੇ ਬਾਖੂਬੀ ਨਿਭਾਈ ਉੱਥੇ ਉਨ੍ਹਾਂ ਆਈਆਂ ਸੰਗਤਾਂ ਦਾ ਧੰਨਵਾਦ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦੂਰ ਨੇੜਿਉਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਲਾਹਾ ਲਿਆ। ਇਸ ਮੌਕੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਕੀਰਤਨ ਸਮਾਗਮ ਦੀਆਂ ਵੱਖ-ਵੱਖ ਝਲਕਾਂ।