ਜਲੰਧਰ: ਮਲਸੀਆਂ ਨਿਵਾਸੀ ਰਾਜਨ ਗੁਪਤਾ ਨਾਲ ਕਥਿਤ ਤੌਰ ‘ਤੇ ਹੋ ਰਹੇ ਪਰਿਵਾਰਕ ਵਿਵਾਦ ਅਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਮਾਮਲਾ ਹੁਣ ਹੋਰ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਰਾਜਨ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਸਕੇ ਭਰਾ ਪ੍ਰਿੰਸ ਗੁਪਤਾ, ਭਾਬੀ ਸ਼ਵੇਤਾ ਗੁਪਤਾ, ਪਤਨੀ ਸ਼ਿਫਾਲੀ ਗੁਪਤਾ, ਭਤੀਜੇ ਯਸ਼ਿਤ ਗੁਪਤਾ ਅਤੇ ਹੁਸ਼ਿਆਰਪੁਰ ਨਿਵਾਸੀ ਭੈਣ ਅਲਕਾ ਅਗਰਵਾਲ ਵੱਲੋਂ ਉਸ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਘਰ ਵਿੱਚ ਬੰਦੀ ਬਣਾਕੇ ਰੱਖਿਆ ਗਿਆ, ਮਲਸੀਆਂ ਵਿਖੇ ਚੱਲ ਰਹੀ ਉਸ ਦੀ ਕਰਿਆਨੇ ਦੀ ਦੁਕਾਨ ‘ਤੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਦੁਕਾਨ ਦੀ ਚਾਬੀ ਵੀ ਉਸ ਤੋਂ ਖੋਹ ਲਈ ਗਈ ਹੈ।
ਰਾਜਨ ਗੁਪਤਾ ਦਾ ਦੋਸ਼ ਹੈ ਕਿ ਉਸ ਦੇ ਆਧਾਰ ਕਾਰਡ, ਪੈਨ ਕਾਰਡ ਸਮੇਤ ਹੋਰ ਅਹਿਮ ਦਸਤਾਵੇਜ਼ ਵੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਹਨ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਰੋਜ਼ਾਨਾ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਉਸ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕਰਵਾ ਕੇ ਜੇਲ੍ਹ ਭੇਜ ਦਿੱਤਾ ਜਾਵੇਗਾ। ਉਸ ਦੇ ਅਨੁਸਾਰ ਇਹ ਸਭ ਕੁਝ ਉਸ ਦੀ ਸਾਂਝੀ ਪਰਿਵਾਰਕ ਜਾਇਦਾਦ ਹੜੱਪਣ ਦੀ ਨੀਅਤ ਨਾਲ ਕੀਤਾ ਜਾ ਰਿਹਾ ਹੈ।
ਰਾਜਨ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਉਹ ਜਲੰਧਰ ਦਿਹਾਤੀ ਦੇ ਐਸਪੀ ਹੈੱਡਕੁਆਰਟਰ ਨੂੰ ਵੀ ਮਿਲਿਆ ਸੀ। ਉਸ ਦਾ ਕਹਿਣਾ ਹੈ ਕਿ ਐਸਪੀ ਹੈੱਡਕੁਆਰਟਰ ਵੱਲੋਂ ਰੀਡਰ ਨੂੰ ਪਰਿਵਾਰਕ ਮੈਂਬਰਾਂ ਨੂੰ ਸਖ਼ਤੀ ਨਾਲ ਬੁਲਾਉਣ ਲਈ ਕਿਹਾ ਗਿਆ ਸੀ, ਪਰ ਇਸ ਤੋਂ ਬਾਅਦ ਮਲਸੀਆਂ ਚੌਂਕੀ ਇੰਚਾਰਜ ਨੇ ਮੌਕੇ ‘ਤੇ ਜਾ ਕੇ ਕਥਿਤ ਤੌਰ ‘ਤੇ ਪਰਿਵਾਰਕ ਮੈਂਬਰਾਂ ਦਾ ਹੀ ਪੱਖ ਲਿਆ ਅਤੇ ਉਸ ਦੇ ਖ਼ਿਲਾਫ਼ ਹੀ ਟਿੱਪਣੀਆਂ ਕੀਤੀਆਂ।
ਰਾਜਨ ਗੁਪਤਾ ਨੇ ਦੋਸ਼ ਲਗਾਇਆ ਕਿ ਚੌਂਕੀ ਇੰਚਾਰਜ ਵੱਲੋਂ ਨਿਰਪੱਖ ਜਾਂਚ ਨਹੀਂ ਕੀਤੀ ਜਾ ਰਹੀ। ਉਸ ਦਾ ਕਹਿਣਾ ਹੈ ਕਿ ਜਾਂ ਤਾਂ ਪੁਲਿਸ ਅਧਿਕਾਰੀ ਕਿਸੇ ਦਬਾਅ ਹੇਠ ਹਨ ਜਾਂ ਫਿਰ ਹੋਰ ਕਾਰਨਾਂ ਕਰਕੇ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਉਸ ਨੂੰ ਕੋਈ ਰਾਹਤ ਨਹੀਂ ਮਿਲੀ।
ਇਸ ਮਾਮਲੇ ਨੂੰ ਲੈ ਕੇ ਕ੍ਰਾਂਤੀਕਾਰੀ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਅਨਿਲ ਵਰਮਾ ਅਤੇ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਮਿਤ ਕੁਮਾਰ ਨੇ ਕਿਹਾ ਕਿ ਜੇਕਰ ਪੀੜਤ ਨੂੰ ਨਿਰਪੱਖ ਇਨਸਾਫ ਨਾ ਮਿਲਿਆ ਤਾਂ ਉਹ ਚੁੱਪ ਨਹੀਂ ਬੈਠਣਗੇ। ਉਨ੍ਹਾਂ ਦੱਸਿਆ ਕਿ ਸਮੂਹ ਪੱਤਰਕਾਰ ਭਾਈਚਾਰੇ, ਸਮਾਜਿਕ ਜਥੇਬੰਦੀਆਂ ਅਤੇ ਸਾਥੀਆਂ ਦੇ ਸਹਿਯੋਗ ਨਾਲ ਸੋਮਵਾਰ ਨੂੰ ਡੀਆਈਜੀ ਜਲੰਧਰ ਰੇਂਜ ਨੂੰ ਮੰਗ ਪੱਤਰ ਸੌਂਪ ਕੇ ਮਲਸੀਆਂ ਚੌਂਕੀ ਇੰਚਾਰਜ ਅਤੇ ਐਸਪੀ ਹੈੱਡਕੁਆਰਟਰ ਜਲੰਧਰ ਦਿਹਾਤੀ ਦੇ ਤਬਾਦਲੇ ਦੀ ਮੰਗ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਮੰਗਲਵਾਰ ਨੂੰ ਪੁੱਡਾ ਕੰਪਲੈਕਸ, ਜਲੰਧਰ ਤੋਂ ਐਸਐਸਪੀ ਜਲੰਧਰ ਦਿਹਾਤੀ ਦਫ਼ਤਰ ਤੱਕ ਪੈਦਲ ਰੋਸ ਮਾਰਚ ਕੱਢਿਆ ਜਾਵੇਗਾ। ਇਸ ਦੌਰਾਨ ਨਾਅਰੇਬਾਜ਼ੀ ਕੀਤੀ ਜਾਵੇਗੀ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਸੰਬੰਧਿਤ ਅਧਿਕਾਰੀਆਂ ਦਾ ਪੁਤਲਾ ਫੂਕਣ ਦਾ ਵੀ ਐਲਾਨ ਕੀਤਾ ਗਿਆ ਹੈ।
ਦੂਜਾ ਪੱਖ (ਵਰਜ਼ਨ):
ਇਸ ਮਾਮਲੇ ਵਿੱਚ ਰਾਜਨ ਗੁਪਤਾ ਵੱਲੋਂ ਲਗਾਏ ਗਏ ਦੋਸ਼ ਉਸ ਦੇ ਆਪਣੇ ਦਾਅਵੇ ਹਨ। ਸੰਬੰਧਿਤ ਪੁਲਿਸ ਅਧਿਕਾਰੀਆਂ ਅਤੇ ਜਿਨ੍ਹਾਂ ਵਿਅਕਤੀਆਂ ‘ਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਦਾ ਪੱਖ ਹਾਲੇ ਸਾਹਮਣੇ ਨਹੀਂ ਆਇਆ। ਜੇਕਰ ਸੰਬੰਧਿਤ ਪੁਲਿਸ ਅਧਿਕਾਰੀ ਜਾਂ ਪਰਿਵਾਰਕ ਮੈਂਬਰ ਆਪਣਾ ਪੱਖ ਜਾਰੀ ਕਰਦੇ ਹਨ ਤਾਂ ਉਸ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।
