ਹਿਮਾਚਲ (TTP) : ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਿਕ ਸਥਾਨ ਮਾਤਾ ਚਿੰਤਪੂਰਨੀ ਨਾਲ ਜੁੜੀ ਆਸਥਾ ਨੂੰ ਲੈ ਕੇ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਧਾਰਮਿਕ ਝੰਡੇ, ਤਸਵੀਰਾਂ ਅਤੇ ਹੋਰ ਪੂਜਾ ਸਮੱਗਰੀ ਕੂੜੇ ਵਾਂਗ ਇੱਕ ਥਾਂ ’ਤੇ ਸੁੱਟੀ ਹੋਈ ਦਿਖਾਈ ਦੇ ਰਹੀ ਹੈ।
ਇਸ ਮਾਮਲੇ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਧਾਰਮਿਕ ਆਸਥਾ ਨਾਲ ਜੁੜੀ ਸਮੱਗਰੀ ਨੂੰ ਇਸ ਤਰ੍ਹਾਂ ਬੇਤਰਤੀਬ ਢੰਗ ਨਾਲ ਸੁੱਟਣਾ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਪੋਸਟ ਰਾਹੀਂ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਧਾਰਮਿਕ ਸਮੱਗਰੀ ਦੇ ਸਨਮਾਨਜਨਕ ਨਿਪਟਾਰੇ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।
ਸ਼ਰਧਾਲੂਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਸਿਰਫ਼ ਪ੍ਰਬੰਧਾਂ ਅਤੇ ਆਮਦਨ ਤੱਕ ਸੀਮਤ ਨਾ ਰਹੇ, ਸਗੋਂ ਧਾਰਮਿਕ ਸਥਾਨ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਆਸਥਾ ਦੀ ਵੀ ਪੂਰੀ ਕਦਰ ਕਰੇ।
ਹੁਣ ਦੇਖਣਾ ਹੋਵੇਗਾ ਕਿ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਇਸ ਮਾਮਲੇ ’ਤੇ ਕਦੋਂ ਜਾਗਦਾ ਹੈ ਅਤੇ ਕੀ ਕਾਰਵਾਈ ਕਰਦਾ ਹੈ।
