ਗੁਰਦਾਸਪੁਰ: ਕਾਂਗਰਸੀ ਆਗੂ ਹੇਰੋਇਨ ਸਮੇਤ ਕਾਬੂ, ਸਿਆਸੀ ਹਲਚਲ ਤੇਜ਼

ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਉਸ ਵੇਲੇ ਸਿਆਸੀ ਮਾਹੌਲ ਗਰਮਾ ਗਿਆ ਜਦੋਂ ਪੁਲਿਸ ਨੇ ਕਾਂਗਰਸ ਦੇ ਐਸ.ਸੀ. ਵਿੰਗ ਦੇ ਕਨਵੀਨਰ ਗੁਰਕੀਰਤਨ ਸਿੰਘ ਕਾਲੂ ਨੂੰ ਹੇਰੋਇਨ ਸਮੇਤ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਦੋਸ਼ੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਸ਼ਮਸ਼ਾਨਘਾਟ ਪ੍ਰੰਗਣ ਵਿੱਚ ਨਸ਼ਾ ਕਰਦਾ ਹੋਇਆ ਪਾਇਆ ਗਿਆ।

ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਛਾਪੇਮਾਰੀ ਦੌਰਾਨ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਵੇਲੇ ਉਸ ਕੋਲੋਂ ਹੇਰੋਇਨ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ NDPS Act ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤੀ ਗਈ ਹੇਰੋਇਨ ਦੀ ਮਾਤਰਾ ਅਤੇ ਇਸਦੇ ਸਰੋਤ ਬਾਰੇ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਕਿਤੇ ਦੋਸ਼ੀ ਦਾ ਕਿਸੇ ਨਸ਼ਾ ਤਸਕਰ ਗਿਰੋਹ ਨਾਲ ਕੋਈ ਸੰਬੰਧ ਤਾਂ ਨਹੀਂ।

ਇਸ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹੇ ਵਿੱਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕੁਝ ਲੋਕ ਦੋਸ਼ੀ ਨੂੰ ਕਿਸੇ ਵੱਡੇ ਸਿਆਸੀ ਆਗੂ ਦਾ ਨਜ਼ਦੀਕੀ ਦੱਸ ਰਹੇ ਹਨ, ਜਦਕਿ ਹੋਰਾਂ ਵੱਲੋਂ ਇਸ ਮਾਮਲੇ ਨੂੰ ਕਾਂਗਰਸ ਦੇ ਹੋਰ ਆਗੂਆਂ ਨਾਲ ਜੋੜਿਆ ਜਾ ਰਿਹਾ ਹੈ।

ਪੁਲਿਸ ਨੇ ਕਿਹਾ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਤੇ ਹੋਰ ਖੁਲਾਸੇ ਕੀਤੇ ਜਾਣਗੇ।