ਲਤੀਫਪੁਰਾ ਮਾਮਲਾ: ਢਹੇ ਘਰਾਂ ਤੋਂ ਬਾਅਦ ਹੁਣ “ਮਾਤਾ ਰਾਣੀ ਦਾ ਝੰਡਾ” ਬਣਿਆ ਨਵਾਂ ਵਿਵਾਦ

Jalandhar ਦੇ ਮਾਡਲ ਟਾਊਨ ਨਾਲ ਲੱਗਦੇ ਲਤੀਫਪੁਰਾ ਇਲਾਕੇ ਵਿੱਚ ਚੱਲ ਰਿਹਾ ਵਿਵਾਦ ਇੱਕ ਵਾਰ ਫਿਰ ਤਾਜ਼ਾ ਮੋੜ ‘ਤੇ ਆ ਖੜ੍ਹਾ ਹੋਇਆ ਹੈ। 1947 ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਵੱਸੇ ਕਈ ਪਰਿਵਾਰ ਲੰਮੇ ਸਮੇਂ ਤੱਕ ਇਸ ਜਗ੍ਹਾ ‘ਤੇ ਰਹਿੰਦੇ ਰਹੇ। ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਨੂੰ ਕਬਜ਼ਾ ਦੱਸਦੇ ਹੋਏ ਕਾਰਵਾਈ ਕੀਤੀ ਗਈ ਅਤੇ ਰਹਿੰਦੇ ਪਰਿਵਾਰਾਂ ਨੂੰ ਹਟਾ ਦਿੱਤਾ ਗਿਆ।

ਇਸ ਕਾਰਵਾਈ ਤੋਂ ਬਾਅਦ ਲਤੀਫਪੁਰਾ ਵਾਸੀਆਂ ਨੇ ਲੰਬੇ ਸਮੇਂ ਤੱਕ ਸੜਕਾਂ ‘ਤੇ ਤੰਬੂ ਲਗਾ ਕੇ ਧਰਨੇ ਦਿੱਤੇ, ਰੋਡ ਜਾਮ ਕੀਤੇ ਅਤੇ ਰੋਜ਼ਾਨਾ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਵਿਰੋਧ ਪ੍ਰਗਟਾਇਆ। ਮਾਮਲਾ ਲਗਾਤਾਰ ਚਰਚਾ ਵਿੱਚ ਰਿਹਾ। ਦਾਅਵਾ ਕੀਤਾ ਗਿਆ ਕਿ ਕੁਝ ਪਰਿਵਾਰਾਂ ਨੂੰ ਫਲੈਟ ਮੁਹੱਈਆ ਕਰਵਾਏ ਗਏ, ਪਰ ਪ੍ਰਭਾਵਿਤ ਲੋਕਾਂ ਦਾ ਕਹਿਣਾ ਹੈ ਕਿ ਉਹ ਫਲੈਟ ਖਸਤਾ ਹਾਲਤ ਵਿੱਚ ਹਨ ਅਤੇ ਰਹਿਣ-ਯੋਗ ਨਹੀਂ।

ਕਾਰਵਾਈ ਦੌਰਾਨ ਜੇਸੀਬੀ ਮਸ਼ੀਨਾਂ ਰਾਹੀਂ ਢਾਂਚੇ ਹਟਾਏ ਗਏ ਅਤੇ ਸਫਾਈ ਦਾ ਕੰਮ ਵੀ ਚੱਲਦਾ ਰਿਹਾ। ਇਨ੍ਹਾਂ ਸਭ ਘਟਨਾਵਾਂ ਦੇ ਬਾਅਦ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ—ਵਿਵਾਦਿਤ ਜਗ੍ਹਾ ‘ਤੇ “ਮਾਤਾ ਰਾਣੀ ਦਾ ਝੰਡਾ” ਲਗਾਇਆ ਗਿਆ ਹੈ।

ਸਥਾਨਕ ਲੋਕਾਂ ਵਿੱਚ ਚਰਚਾ ਹੈ ਕਿ ਜੇਕਰ ਇਸ ਝੰਡੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਧਾਰਮਿਕ ਭਾਵਨਾਵਾਂ ਭੜਕ ਸਕਦੀਆਂ ਹਨ। ਦੂਜੇ ਪਾਸੇ, ਪ੍ਰਸ਼ਾਸਨ ਲਈ ਇਹ ਕਾਨੂੰਨੀ ਅਤੇ ਸੰਵੇਦਨਸ਼ੀਲ ਚੁਣੌਤੀ ਬਣ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸੰਬੰਧਤ ਵਿਭਾਗ ਇਸ ਮਾਮਲੇ ਨੂੰ ਕਿਵੇਂ ਸੰਭਾਲਦੇ ਹਨ।

ਇਹ ਵੀ ਯਾਦ ਰਹੇ ਕਿ ਇਸ ਸੰਘਰਸ਼ ਦੌਰਾਨ ਕਿਸਾਨ ਸੰਗਠਨ ਵੀ ਲਤੀਫਪੁਰਾ ਵਾਸੀਆਂ ਦੇ ਹੱਕ ‘ਚ ਉਤਰੇ ਸਨ, ਪਰ ਅੰਤ ਵਿੱਚ ਪ੍ਰਸ਼ਾਸਕੀ ਕਾਰਵਾਈ ਰੋਕੀ ਨਾ ਜਾ ਸਕੀ। ਸਿਆਸੀ ਮੰਡਲਾਂ ਵਿੱਚ ਇਹ ਵੀ ਚਰਚਾ ਰਹੀ ਕਿ ਜਦੋਂ ਸਰਕਾਰਾਂ ਲੋਕਾਂ ਦੀਆਂ ਵੋਟਾਂ ਨਾਲ ਬਣਦੀਆਂ ਹਨ, ਤਾਂ ਅਜਿਹੇ ਮਾਮਲਿਆਂ ਵਿੱਚ ਜਨਭਾਵਨਾਵਾਂ ਨੂੰ ਕਿੰਨੀ ਤਰਜੀਹ ਦਿੱਤੀ ਜਾਂਦੀ ਹੈ।

ਹੁਣ ਸਾਰੇ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਲਗੇ ਝੰਡੇ ਦੇ ਮਾਮਲੇ ‘ਚ ਅਗਲਾ ਕਦਮ ਕੀ ਹੋਵੇਗਾ—ਕੀ ਕੋਈ ਵਿਭਾਗ ਇਸਨੂੰ ਹਟਾਉਣ ਦੀ ਕੋਸ਼ਿਸ਼ ਕਰੇਗਾ ਜਾਂ ਮਾਮਲੇ ਦਾ ਸੰਵਾਦ ਰਾਹੀਂ ਹੱਲ ਕੱਢਿਆ ਜਾਵੇਗਾ?

ਰਿਪੋਰਟ: ਸੁਮਿਤ ਕੁਮਾਰ
ਟਾਈਮ ਟੀਵੀ ਪੰਜਾਬ