ਸ਼ਾਂਤੀਮਈ ਢੰਗ ਨਾਲ ਹੋਲੀ ਮਨਾਉਣ ਦੀ ਅਪੀਲ, ਹੁੱਲੜਬਾਜ਼ੀ ਅਤੇ ਛੇੜਛਾੜ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ
ਜਲੰਧਰ: ਸੁਮਿਤ ਕੁਮਾਰ:
ਸ਼ਹਿਰ ਵਿੱਚ ਹੋਲੀ ਦਾ ਤਿਉਹਾਰ ਖੁਸ਼ੀ ਅਤੇ ਭਾਈਚਾਰੇ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਤੇ ਸ਼ਿਵ ਸੈਨਾ ਲੋਇਨ ਦੇ ਨੈਸ਼ਨਲ ਪ੍ਰਧਾਨ ਅਮਿਤ ਅਰੋੜਾ ਸ਼ੇਰ ਅਤੇ ਰਾਸ਼ਟਰੀ ਚੇਅਰਮੈਨ ਸੁਨੀਲ ਕੁਮਾਰ ਬੰਟੀ ਬੱਬਰ ਸ਼ੇਰ ਨੇ ਇਕੱਠੇ ਹੋ ਕੇ ਹੋਲੀ ਦਾ ਤਿਉਹਾਰ ਮਨਾਇਆ ਅਤੇ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਚੇਅਰਮੈਨ ਸੁਨੀਲ ਕੁਮਾਰ ਬੰਟੀ ਬੱਬਰ ਸ਼ੇਰ ਨੇ ਕਿਹਾ ਕਿ ਹੋਲੀ ਪਿਆਰ, ਭਾਈਚਾਰੇ ਅਤੇ ਇਕਤਾ ਦਾ ਤਿਉਹਾਰ ਹੈ ਅਤੇ ਇਸਨੂੰ ਹਮੇਸ਼ਾ ਸ਼ਾਂਤੀਮਈ ਅਤੇ ਸੱਭਿਆਚਾਰਕ ਢੰਗ ਨਾਲ ਹੀ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਲੋਇਨ ਹਮੇਸ਼ਾ ਹਿੰਦੂ ਸੰਗਠਨਾਂ ਦੇ ਨਾਲ ਮਿਲ ਕੇ ਸਮਾਜ ਦੀ ਭਲਾਈ ਅਤੇ ਧਾਰਮਿਕ ਤਿਉਹਾਰਾਂ ਨੂੰ ਸ਼ਾਂਤੀ ਨਾਲ ਮਨਾਉਣ ਲਈ ਕੰਮ ਕਰਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕੁਝ ਐਸੀ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿੱਚ ਕੁਝ ਨੌਜਵਾਨ ਲੜਕੀਆਂ ਦੇ ਨਾਲ ਜਬਰਦਸਤੀ ਰੰਗ ਲਗਾਉਂਦੇ ਜਾਂ ਛੇੜਛਾੜ ਕਰਦੇ ਦਿਖਾਈ ਦੇ ਰਹੇ ਹਨ। ਇਹ ਹਰਕਤਾਂ ਬਿਲਕੁਲ ਗਲਤ ਹਨ ਅਤੇ ਕਿਸੇ ਵੀ ਤਰ੍ਹਾਂ ਕਬੂਲਯੋਗ ਨਹੀਂ ਹਨ।
ਸੁਨੀਲ ਕੁਮਾਰ ਬੰਟੀ ਬੱਬਰ ਸ਼ੇਰ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਹੋਲੀ ਦੇ ਮੌਕੇ ਤੇ ਹੁੱਲੜਬਾਜ਼ੀ ਜਾਂ ਕਿਸੇ ਮਹਿਲਾ ਨਾਲ ਬਦਸਲੂਕੀ ਕੀਤੀ ਗਈ ਤਾਂ ਸ਼ਿਵ ਸੈਨਾ ਲੋਇਨ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਮੌਕੇ ਤੇ ਹੀ ਅਜਿਹੇ ਲੋਕਾਂ ਨੂੰ ਰੋਕ ਕੇ ਪ੍ਰਸ਼ਾਸਨ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਇਸ ਦੌਰਾਨ ਨੈਸ਼ਨਲ ਪ੍ਰਧਾਨ ਅਮਿਤ ਅਰੋੜਾ ਸ਼ੇਰ ਨੇ ਵੀ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਤਿਉਹਾਰਾਂ ਦਾ ਅਸਲ ਮਕਸਦ ਸਮਾਜ ਵਿੱਚ ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਹੋਲੀ ਦਾ ਤਿਉਹਾਰ ਖੁਸ਼ੀ, ਸਨਮਾਨ ਅਤੇ ਇੱਕ ਦੂਜੇ ਦੀ ਇੱਜ਼ਤ ਦਾ ਧਿਆਨ ਰੱਖਦਿਆਂ ਮਨਾਉਣਾ ਚਾਹੀਦਾ ਹੈ।
ਅੰਤ ਵਿੱਚ ਦੋਹਾਂ ਆਗੂਆਂ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਕਿ ਤਿਉਹਾਰ ਨੂੰ ਸ਼ਾਂਤੀਮਈ ਅਤੇ ਸੁਰੱਖਿਅਤ ਮਾਹੌਲ ਵਿੱਚ ਮਨਾਇਆ ਜਾਵੇ ਤਾਂ ਜੋ ਸਮਾਜ ਵਿੱਚ ਭਾਈਚਾਰੇ ਅਤੇ ਏਕਤਾ ਦੀ ਮਿਸਾਲ ਕਾਇਮ ਰਹੇ।



![]()

![]()





