ਸਤਿਗੁਰੂ ਕਬੀਰ ਚੌਂਕ ਨੇੜੇ ਬਿਰਿਆਨੀ ਢਾਬੇ ਵਿੱਚ ਸ਼ਰਾਬ ਪਿਲਾਉਣ ਦੇ ਆਰੋਪ, ਪੁਲਿਸ ਤੇ ਐਕਸਾਈਜ਼ ਵਿਭਾਗ ‘ਤੇ ਵੀ ਉੱਠੇ ਸਵਾਲ

ਜਲੰਧਰ ਦੇ ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇੱਥੇ ਸ਼ਰਾਬ ਦੇ ਠੇਕੇ ਦੇ ਬਿਲਕੁਲ ਸਾਹਮਣੇ “ਮਹਿਫਿਲ” ਨਾਮ ਦਾ ਇੱਕ ਬਿਰਿਆਨੀ ਢਾਬਾ ਖੋਲਿਆ ਗਿਆ ਹੈ, ਜਿਸ ਬਾਰੇ ਇਲਾਕਾ ਵਾਸੀਆਂ ਵੱਲੋਂ ਗੰਭੀਰ ਆਰੋਪ ਲਗਾਏ ਜਾ ਰਹੇ ਹਨ ਕਿ ਢਾਬੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬਿਠਾ ਕੇ ਸ਼ਰਾਬ ਦਾ ਸੇਵਨ ਕਰਵਾਇਆ ਜਾ ਰਿਹਾ ਹੈ।
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਠੇਕੇ ਤੋਂ ਸ਼ਰਾਬ ਖਰੀਦ ਕੇ ਲੋਕਾਂ ਨੂੰ ਸਿੱਧੇ ਢਾਬੇ ਦੇ ਅੰਦਰ ਬਿਠਾ ਕੇ ਪਿਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪਹਿਲਾਂ ਇੱਕ ਨੌਜਵਾਨ ਵੱਲੋਂ ਸਿਰਫ਼ ਬਿਰਿਆਨੀ ਦਾ ਢਾਬਾ ਖੋਲਿਆ ਗਿਆ ਸੀ, ਪਰ ਬਾਅਦ ਵਿੱਚ ਨਾਲ ਲੱਗਦੀ ਦੁਕਾਨ ਵੀ ਕਿਰਾਏ ‘ਤੇ ਲੈ ਲਈ ਗਈ। ਉਸ ਵਿੱਚ ਟੇਬਲਾਂ ਲਗਾ ਕੇ ਅਤੇ ਕੱਚਾਂ ਨੂੰ ਕਾਲਾ ਕਰਕੇ ਅੰਦਰ ਬੈਠਣ ਦੀ ਵਿਵਸਥਾ ਕਰ ਦਿੱਤੀ ਗਈ, ਜਿਸ ਕਾਰਨ ਢਾਬੇ ਨੂੰ ਹੀ ਇੱਕ ਤਰ੍ਹਾਂ ਦਾ ਅਹਾਤਾ ਬਣਾਇਆ ਗਿਆ ਹੋਇਆ ਹੈ।
ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਇਲਾਕਾ ਥਾਣਾ ਲਾਂਬੜਾ ਦੇ ਅਧੀਨ ਆਉਂਦਾ ਹੈ ਅਤੇ ਆਰੋਪ ਲਗਾਏ ਜਾ ਰਹੇ ਹਨ ਕਿ ਕੁਝ ਪੁਲਿਸ ਕਰਮਚਾਰੀ ਇੱਥੇ ਮੁਫ਼ਤ ਖਾਣ-ਪੀਣ ਕਰਦੇ ਹਨ ਅਤੇ ਮਹੀਨਾਵਾਰ ਦੀ ਬਜਾਏ ਹਫ਼ਤਾਵਾਰ ਵਸੂਲੀ ਹੋਣ ਦੀ ਵੀ ਗੱਲ ਚੱਲ ਰਹੀ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਕ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਥਾਣਾ ਲਾਂਬੜਾ ਦੇ ਐਸਐਚਓ ਨੂੰ ਇਲਾਕੇ ਵਿੱਚ ਇੱਕ ਕਾਬਲ ਅਤੇ ਇਮਾਨਦਾਰ ਅਫਸਰ ਮੰਨਿਆ ਜਾਂਦਾ ਹੈ, ਜਦਕਿ ਡੀਐਸਪੀ ਕਰਤਾਰਪੁਰ ਵੀ ਆਪਣੀ ਚੰਗੀ ਕਾਰਗੁਜ਼ਾਰੀ ਲਈ ਜਾਣੇ ਜਾਂਦੇ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਾਹਮਣੇ ਆਉਣ ਨਾਲ ਕਈ ਸਵਾਲ ਖੜੇ ਹੋ ਰਹੇ ਹਨ ਕਿ ਆਖ਼ਿਰਕਾਰ ਇਨ੍ਹਾਂ ਦੇ ਇਲਾਕੇ ਵਿੱਚ ਇਹ ਕਾਰੋਬਾਰ ਕਿਵੇਂ ਚੱਲ ਰਿਹਾ ਹੈ।
ਆਰਟੀਆਈ ਏਜੰਸੀ ਆਫ ਇੰਡੀਆ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਹੀ ਡੀਐਸਪੀ ਕਰਤਾਰਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਜੋ ਇਸ ਤਰ੍ਹਾਂ ਦੇ ਗੈਰਕਾਨੂੰਨੀ ਕਾਰੋਬਾਰ ਨੂੰ ਤੁਰੰਤ ਬੰਦ ਕਰਵਾਇਆ ਜਾ ਸਕੇ ਅਤੇ ਜਨਤਕ ਥਾਵਾਂ ‘ਤੇ ਹੋ ਰਹੇ ਸ਼ਰਾਬ ਦੇ ਨਜਾਇਜ਼ ਸੇਵਨ ‘ਤੇ ਰੋਕ ਲਗਾਈ ਜਾ ਸਕੇ।
ਇਲਾਕਾ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਐਕਸਾਈਜ਼ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਏ ਅਤੇ ਜੇਕਰ ਕੋਈ ਗੈਰਕਾਨੂੰਨੀ ਕਾਰਵਾਈ ਹੋ ਰਹੀ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।