ਟਾਈਮ ਟੀਵੀ ਪੰਜਾਬ ਦੀ ਖ਼ਬਰ ਦਾ ਵੱਡਾ ਅਸਰ, ਰੈਪੀਡੋ ਨੇ ਦੋਸ਼ੀ ਚਾਲਕ ਨੂੰ ਕੀਤਾ ਬਲੈਕਲਿਸਟ। ਭਾਗ 2

ਜਲੰਧਰ (ਸੁਮਿਤ ਕੁਮਾਰ) : ਟਾਈਮ ਟੀਵੀ ਪੰਜਾਬ ਵੱਲੋਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਤੋਂ ਬਾਅਦ ਰੈਪੀਡੋ ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਸੰਬੰਧਿਤ ਚਾਲਕ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਹੈ। ਮਹਿਲਾ ਯਾਤਰੀ ਨਾਲ ਕਥਿਤ ਤੌਰ ‘ਤੇ ਅਣਉਚਿਤ ਢੰਗ ਨਾਲ ਨਿੱਜੀ ਸੰਪਰਕ ਕਰਨ ਅਤੇ ਗਾਹਕਾਂ ਦੀ ਜਾਣਕਾਰੀ ਦੇ ਦੁਰਵਰਤੋਂ ਸਬੰਧੀ ਉਠਾਏ ਗਏ ਮਾਮਲੇ ‘ਤੇ ਕੰਪਨੀ ਨੇ ਜਾਂਚ ਉਪਰੰਤ ਦੋਸ਼ੀ ਚਾਲਕ ਨੂੰ ਆਪਣੇ ਪਲੇਟਫਾਰਮ ਤੋਂ ਸਥਾਈ ਤੌਰ ‘ਤੇ ਸਸਪੈਂਡ ਅਤੇ ਬਲੈਕਲਿਸਟ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਟਾਈਮ ਟੀਵੀ ਪੰਜਾਬ ਵੱਲੋਂ ਮਾਮਲਾ ਉਜਾਗਰ ਕੀਤੇ ਜਾਣ ਤੋਂ ਬਾਅਦ ਰੈਪੀਡੋ ਪ੍ਰਬੰਧਨ ਨੇ ਸ਼ਿਕਾਇਤਕਰਤਾ ਨਾਲ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਅਤੇ ਸਬੂਤ ਮੰਗੇ ਸਨ। ਜਾਣਕਾਰੀ ਅਤੇ ਸਬੂਤਾਂ ਦੀ ਜਾਂਚ ਕਰਨ ਉਪਰੰਤ ਕੰਪਨੀ ਨੇ ਈ-ਮੇਲ ਰਾਹੀਂ ਪੁਸ਼ਟੀ ਕੀਤੀ ਕਿ ਸੰਬੰਧਿਤ ਕੈਪਟਨ ਵਿਰੁੱਧ ਆਪਣੀ ਜ਼ੀਰੋ ਟੋਲਰੈਂਸ ਨੀਤੀ ਅਨੁਸਾਰ ਸਖ਼ਤ ਕਾਰਵਾਈ ਕੀਤੀ ਗਈ ਹੈ।

ਕੰਪਨੀ ਵੱਲੋਂ ਭੇਜੇ ਗਏ ਜਵਾਬ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਸੰਬੰਧਿਤ ਚਾਲਕ ਨੂੰ ਪਲੇਟਫਾਰਮ ਤੋਂ ਪੱਕੇ ਤੌਰ ‘ਤੇ ਸਸਪੈਂਡ ਅਤੇ ਬਲੈਕਲਿਸਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਵੱਲੋਂ ਵਰਤਿਆ ਜਾ ਰਿਹਾ ਮੋਬਾਈਲ ਨੰਬਰ ਵੀ ਭਵਿੱਖ ਵਿੱਚ ਕਿਸੇ ਤਰ੍ਹਾਂ ਦੇ ਦੁਰਵਰਤੋਂ ਨੂੰ ਰੋਕਣ ਲਈ ਬਲਾਕ ਕਰ ਦਿੱਤਾ ਗਿਆ ਹੈ।

ਰੈਪੀਡੋ ਪ੍ਰਬੰਧਨ ਨੇ ਆਪਣੇ ਜਵਾਬ ਵਿੱਚ ਇਸ ਘਟਨਾ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਨਿੱਜਤਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਕਾਰਵਾਈ ਨੂੰ ਲੈ ਕੇ ਸਮਾਜਿਕ ਵਰਗਾਂ ਵੱਲੋਂ ਟਾਈਮ ਟੀਵੀ ਪੰਜਾਬ ਦੀ ਭੂਮਿਕਾ ਦੀ ਵੀ ਸਰਾਹਨਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੀਡੀਆ ਵੱਲੋਂ ਲੋਕ ਹਿੱਤ ਨਾਲ ਜੁੜੇ ਮਸਲਿਆਂ ਨੂੰ ਉਠਾਉਣ ਨਾਲ ਕੰਪਨੀਆਂ ਅਤੇ ਸੰਸਥਾਵਾਂ ਨੂੰ ਜਵਾਬਦੇਹ ਬਣਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਟਾਈਮ ਟੀਵੀ ਪੰਜਾਬ ਵੱਲੋਂ ਇਹ ਮਾਮਲਾ ਉਠਾਏ ਜਾਣ ਤੋਂ ਕੁਝ ਹੀ ਸਮੇਂ ਬਾਅਦ ਰੈਪੀਡੋ ਕੰਪਨੀ ਨੇ ਕਾਰਵਾਈ ਕਰਕੇ ਇਹ ਸਾਬਤ ਕੀਤਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਅਤੇ ਗੋਪਨੀਯਤਾ ਨਾਲ ਸਮਝੌਤਾ ਕਰਨ ਵਾਲਿਆਂ ਲਈ ਪਲੇਟਫਾਰਮ ‘ਤੇ ਕੋਈ ਥਾਂ ਨਹੀਂ ਹੈ।

— ਭਾਗ ਦੂਸਰਾ
ਟਾਈਮ ਟੀਵੀ ਪੰਜਾਬ