ਲਤੀਫਪੁਰਾ ਵਿੱਚ ਪਾਈਪਲਾਈਨ ਕੰਮ ਦੀਆਂ ਖੁੱਲ੍ਹੀਆਂ ਪੋਲਾਂ: ਧੱਸਦੀਆਂ ਗੱਡੀਆਂ, ਪ੍ਰੇਸ਼ਾਨ ਲੋਕ ਤੇ ਜ਼ਿੰਮੇਵਾਰੀ ਤੋਂ ਭੱਜਦੇ ਅਧਿਕਾਰੀ

ਜਲੰਧਰ (ਸੁਮਿਤ ਕੁਮਾਰ):
ਜਲੰਧਰ ਦੇ ਮਾਡਲ ਟਾਊਨ ਨਾਲ ਲੱਗਦੇ ਲਤੀਫਪੁਰਾ ਇਲਾਕੇ ਵਿੱਚ ਕੁਝ ਸਮਾਂ ਪਹਿਲਾਂ ਵਾਟਰ ਸਪਲਾਈ ਪਾਈਪਲਾਈਨ ਪਾਉਣ ਲਈ ਕੀਤੇ ਗਏ ਕੰਮ ਦੀਆਂ ਖਾਮੀਆਂ ਹੁਣ ਇੱਕ-ਇੱਕ ਕਰਕੇ ਸਾਹਮਣੇ ਆ ਰਹੀਆਂ ਹਨ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਪਾਈਪਲਾਈਨ ਪਾਉਣ ਤੋਂ ਬਾਅਦ ਖੋਦੇ ਗਏ ਵੱਡੇ-ਵੱਡੇ ਖੱਡਿਆਂ ਨੂੰ ਬਿਨਾਂ ਕਿਸੇ ਮਿਆਰੀ ਪ੍ਰਕਿਰਿਆ ਦੇ ਸਿਰਫ਼ ਮਿੱਟੀ ਨਾਲ ਭਰ ਦਿੱਤਾ ਗਿਆ, ਜਿਸ ਕਾਰਨ ਅੱਜ ਵੀ ਕਈ ਥਾਵਾਂ ਦੀ ਜ਼ਮੀਨ ਅੰਦਰੋਂ ਪੂਰੀ ਤਰ੍ਹਾਂ ਪੋਲੀ ਹੈ ਅਤੇ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।

ਤਾਜ਼ਾ ਮਾਮਲੇ ਵਿੱਚ ਇੱਕ ਕਾਰ ਸੜਕ ਦੇ ਉਸੇ ਹਿੱਸੇ ਵਿੱਚ ਧੱਸ ਗਈ, ਜਿੱਥੇ ਪਹਿਲਾਂ ਪਾਈਪਲਾਈਨ ਦਾ ਕੰਮ ਕੀਤਾ ਗਿਆ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ, ਸਗੋਂ ਅਜਿਹੇ ਮਾਮਲੇ ਲਗਾਤਾਰ ਵਾਪਰ ਰਹੇ ਹਨ। ਕਈ ਵਾਹਨ ਪਹਿਲਾਂ ਵੀ ਇਨ੍ਹਾਂ ਪੋਲੀਆਂ ਥਾਵਾਂ ਵਿੱਚ ਫਸ ਚੁੱਕੇ ਹਨ, ਜਿਸ ਨਾਲ ਲੋਕਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਕਈ ਥਾਵਾਂ ‘ਤੇ ਹੇਠਾਂ ਪਾਈਆਂ ਗਈਆਂ ਵਾਟਰ ਸਪਲਾਈ ਪਾਈਪਾਂ ਵੀ ਟੁੱਟੀਆਂ ਹੋਈਆਂ ਹਨ, ਜਿਸ ਕਾਰਨ ਪਾਣੀ ਲਗਾਤਾਰ ਰਿਸਦਾ ਰਹਿੰਦਾ ਹੈ ਅਤੇ ਜ਼ਮੀਨ ਹੋਰ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਕਾਰਨ ਸੜਕਾਂ ਦੀ ਹਾਲਤ ਦਿਨੋਂ-ਦਿਨ ਖਰਾਬ ਹੋ ਰਹੀ ਹੈ ਅਤੇ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ ਹੈ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਸਰਕਾਰੀ ਪ੍ਰਾਜੈਕਟ ਤਹਿਤ ਪ੍ਰਾਈਵੇਟ ਠੇਕੇਦਾਰਾਂ ਨੂੰ ਇਹ ਕੰਮ ਸੌਂਪਿਆ ਗਿਆ ਸੀ ਤਾਂ ਕੰਮ ਦੀ ਗੁਣਵੱਤਾ ਦੀ ਜਾਂਚ ਕਿਸ ਨੇ ਕੀਤੀ? ਜੇਕਰ ਪਾਈਪਲਾਈਨ ਪਾਉਣ ਤੋਂ ਬਾਅਦ ਸੜਕਾਂ ਅਤੇ ਖੱਡਿਆਂ ਦੀ ਸਹੀ ਤਰ੍ਹਾਂ ਭਰਾਈ ਨਹੀਂ ਕੀਤੀ ਗਈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਹਨ, ਉਹ ਆਪਣੇ ਖਰਚੇ ਨਾਲ ਮੁਰੰਮਤ ਕਰਵਾ ਰਹੇ ਹਨ, ਪਰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ?

ਸਥਾਨਕ ਵਸਨੀਕਾਂ ਨੇ ਦੋਸ਼ ਲਾਇਆ ਹੈ ਕਿ ਠੇਕੇਦਾਰ ਕੰਮ ਮੁਕੰਮਲ ਦਿਖਾ ਕੇ ਮੌਕੇ ਤੋਂ ਚਲੇ ਗਏ, ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਪੂਰੇ ਇਲਾਕੇ ਵਿੱਚ ਕਈ ਥਾਵਾਂ ਅਜੇ ਵੀ ਧੱਸਣ ਦੇ ਖਤਰੇ ਹੇਠ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਮਾਮਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿੱਚ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ, ਨਗਰ ਨਿਗਮ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਪਾਈਪਲਾਈਨ ਕੰਮ ਕਰਨ ਵਾਲੀ ਕੰਪਨੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਨੁਕਸਾਨ ਝੱਲ ਰਹੇ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪੂਰੇ ਇਲਾਕੇ ਦੀ ਤਕਨੀਕੀ ਜਾਂਚ ਕਰਵਾ ਕੇ ਧੱਸ ਰਹੀਆਂ ਥਾਵਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ।

ਸਵਾਲ ਅਜੇ ਵੀ ਕਾਇਮ ਹੈ—ਜੇਕਰ ਸਰਕਾਰੀ ਪ੍ਰਾਜੈਕਟਾਂ ਦੇ ਨਾਮ ‘ਤੇ ਲੋਕਾਂ ਦੀਆਂ ਗੱਡੀਆਂ ਧੱਸਣ, ਸੜਕਾਂ ਟੁੱਟਣ ਅਤੇ ਲੋਕ ਆਪਣੀ ਜੇਬ ਵਿੱਚੋਂ ਨੁਕਸਾਨ ਭਰਨ ਲਈ ਮਜਬੂਰ ਹੋਣ, ਤਾਂ ਫਿਰ ਅਜਿਹੇ ਘਟੀਆ ਕੰਮ ਲਈ ਜ਼ਿੰਮੇਵਾਰ ਕੌਣ ਹੈ?