*ਬੱਚਿਆਂ ਨੂੰ ਪੋਲੀਓ ਮੁਕਤ ਰੱਖਣ ਲਈ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਿਭਾਵੇ:-ਡਾ.ਇਸ਼ਾਂਕ*
ਹੁਸ਼ਿਆਰਪੁਰ, 28 ਜੂਨ (ਹਰਵਿੰਦਰ ਸਿੰਘ ਭੁੰਗਰਨੀ) 28.06.2026 ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਹਾਰਟਾ ਬੱਡਲਾ ਦੇ 0-5 ਸਾਲ ਦੇ 12,241 ਬੱਚਿਆਂ ਨੂੰ ਦੋ ਬੂੰਦਾਂ ਜ਼ਿੰਦਗੀਆਂ ਦੀਆਂ ਪਿਲਾਉਣ ਦੀ ਸ਼ੁਰੂਆਤ ਅੱਜ ਵਿਧਾਇਕ ਹਲਕਾ ਚੱਬੇਵਾਲ ਡਾ.ਇਸ਼ਾਂਕ ਕੁਮਾਰ ਵਲੋਂ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ ਹਾਰਟਾ ਬਡਲਾ ਡਾ.ਮਨਪ੍ਰੀਤ ਸਿੰਘ ਬੈਂਸ, ਬੀ.ਈ.ਈ ਅਮਨਦੀਪ ਸਿੰਘ, ਐਲ.ਐਚ.ਵੀ ਸ਼੍ਰੀਮਤੀ ਅਮਨਦੀਪ ਕੌਰ, ਏ.ਐਨ.ਐਮ ਸੰਦੀਪ ਕੌਰ, ਹੈਲਥ ਵਰਕਰ ਸਤਨਾਮ ਸਿੰਘ, ਗੁਲਮੇਲ ਸਿੰਘ ਅਤੇ ਆਸ਼ਾ ਵਰਕਰ ਸੁਰਿੰਦਰ ਕੌਰ ਤੇ ਅਵਤਾਰ ਕੌਰ ਹਾਜ਼ਰ ਰਹੇ।ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ.ਇਸ਼ਾਂਕ ਕੁਮਾਰ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਸਾਲਾਂ ਪਹਿਲਾਂ ਪੋਲੀਓ ਮੁਕਤ ਐਲਾਨਿਆ ਜਾ ਚੁੱਕਾ ਹੈ, ਪਰ ਗੁਆਂਢੀ ਦੇਸ਼ਾਂ ਵਿੱਚ ਸਾਹਮਣੇ ਆ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਸੁਰੱਖਿਆ ਚੱਕਰ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ,”ਇੱਕ ਡਾਕਟਰ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਰੋਕਥਾਮ ਇਲਾਜ ਨਾਲੋਂ ਹਮੇਸ਼ਾ ਬਿਹਤਰ ਹੁੰਦੀ ਹੈ। ਸਾਡੀ ਆਉਣ ਵਾਲੀ ਨਸਲ ਨੂੰ ਅਪਾਹਜਤਾ ਤੋਂ ਬਚਾਉਣ ਲਈ ਪੋਲੀਓ ਦੀਆਂ ਦੋ ਬੂੰਦਾਂ ਸਭ ਤੋਂ ਵੱਡੀ ਢਾਲ ਹਨ। ਕੋਈ ਵੀ ਯੋਗ ਬੱਚਾ ਇਸ ਖੁਰਾਕ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।” ਉਨਾਂ ਸਿਹਤ ਕਰਮਚਾਰੀਆਂ, ਐਲ.ਐਚ.ਵੀਜ਼, ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਮਿਹਨਤੀ ਸਿਹਤ ਯੋਧਿਆਂ ਸਦਕਾ ਹੀ ਅਸੀਂ ਅਜਿਹੀਆਂ ਵੱਡੀਆਂ ਮੁਹਿੰਮਾਂ ਨੂੰ ਸਫਲ ਬਣਾ ਪਾਉਂਦੇ ਹਾਂ। ਉਨ੍ਹਾਂ ਹਲਕੇ ਦੇ ਸਮੂਹ ਮਾਪਿਆਂ, ਪੰਚਾਂ-ਸਰਪੰਚਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ਟਰੀ ਕਾਰਜ ਵਿੱਚ ਵੱਧ-ਚੜ੍ਹ ਕੇ ਸਹਿਯੋਗ ਦੇਣ।ਮੁੰਹਿਮ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ.ਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਮੁੰਹਿਮ ਤਹਿਤ ਬਲਾਕ ਹਾਰਟਾ ਬਡਲਾ ਅੰਦਰ ਕੁੱਲ 84 ਬੂਥ ਸਥਾਪਿਤ ਕੀਤੇ ਹਨ ਅਤੇ 170 ਟੀਮਾਂ ਲਗਾਈਆਂ ਗਈਆਂ ਹਨ ਜੋ ਕਿ ਬਲਾਕ ਦੀ 1,75,501 ਅਬਾਦੀ (ਸਮੇਤ ਮਾਈਗੇ੍ਰਟਰੀ ਆਬਾਦੀ) ਦੇ 36,950 ਘਰ, 3541 ਝੂਗੀਆਂ ਅਤੇ 12 ਹਾਈ ਰਿਸਕ ਏਰੀਆ ਨੂੰ ਕਵਰ ਕਰਨਗਈਆਂ। ਇਸ ਤੋਂ ਇਲਾਵਾ ਮੁੰਹਿਮ ਨੂੰ ਸਫਲ ਬਣਾਉਣ ਲਈ 19 ਸੁਪਵਾਈਜ਼ਰਾਂ ਦੀ ਟੀਮ ਵੀ ਲਗਾਈ ਗਈ ਹੈ ਤਾਂ ਕਿ ਕੋਈ ਵੀ ਬੱਚਾ ਪੋਲਿਓ ਦੀ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ। ਉਨਾਂ ਦੱਸਿਆ ਕਿ ਅੱਜ ਰਾਊਂਡ ਦੇ ਪਹਿਲੇ ਦਿਨ ਬੱਚਿਆਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਬਲਾਕ ਦੇ ਵੱਖ-ਵੱਖ ਥਾਵਾਂ ਤੇ ਸਥਾਪਿਤ ਬੂਥਾਂ ਦੇ ਪੋਲੀਓ ਦੀਆਂ ਬੂੰਦਾਂ ਪਿਲਾਈਆ ਜਾ ਰਹੀਆ ਹਨ ਅਤੇ ਅਗਲੇ ਦੋ ਦਿਨ (29 ਅਤੇ 30 ਜੂਨ) ਨੂੰ ਘਰ-ਘਰ ਜਾ ਕੇ ਬਾਕੀ ਰਹਿ ਹਏ ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਭਾਵੇਂ ਬੱਚੇ ਨੂੰ ਪਹਿਲਾਂ ਵੀ ਪੋਲਿਓ ਦੀਆਂ ਖੁਰਾਕਾਂ ਮਿਲ ਚੁੱਕੀਆਂ ਹੋਣ, ਫਿਰ ਵੀ ਹਰ ਰਾਸ਼ਟਰੀ ਪਲਸ ਪੋਲਿਓ ਰਾਊਂਡ ਦੌਰਾਨ ਦਵਾਈ ਦੀਆਂ ਦੋ ਬੂੰਦਾਂ ਪਿਲਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਆਪਣੇ ਬੱਚਿਆਂ ਨੂੰ ਨੇੜਲੇ ਪੋਲੀਓ ਬੂਥਾਂ ਤੇ ਲੈ ਕੇ ਜਾਣ ਅਤੇ ਜੇ ਕੋਈ ਬੱਚਾ ਕਿਸੇ ਕਾਰਨ ਕਰਕੇ ਬੂੰਦਾਂ ਪੀਣ ਤੋਂ ਰਹਿ ਜਾਂਦਾ ਹੈ ਤਾਂ 29 ਅਤੇ 30 ਜੂਨ ਨੂੰ ਘਰ ਘਰ ਆਉਣ ਵਾਲੀ ਟੀਮ ਨੂੰ ਸਹਿਯੋਗ ਦੇ ਕੇ ਬੱਚੇ ਨੂੰ ਦਵਾਈ ਜ਼ਰੂਰ ਪਿਲਾਉਣ। ਡਾ.ਬੈਂਸ ਨੇ ਜ਼ੋਰ ਦਿੰਦਿਆਂ ਕਿਹਾ ਕਿ, “ਸਾਨੂੰ ਇਹ ਯਕੀਨੀ ਬਣਾਉਣਾ ਹੈ ਕਿ ਬਲਾਕ ਦਾ ਇੱਕ ਵੀ ਬੱਚਾ ਇਸ ਮੁਹਿੰਮ ਤੋਂ ਵਾਂਝਾ ਨਾ ਰਹੇ। ਲੋਕਾਂ ਦਾ ਸਹਿਯੋਗ ਹੀ ਪੋਲੀਓ ਮੁਕਤ ਭਵਿੱਖ ਦੀ ਗਾਰੰਟੀ ਹੈ ਜਿਸ ਨਾਲ ਅਸੀਂ ਭਾਰਤ ਨੂੰ ਮਿਲੇ “ਪੋਲੀਓ ਮੁੱਕਤ ਦੇਸ਼” ਦੇ ਖਿਤਾਬ ਨੂੰ ਬਰਕਰਾਰ ਰੱਖ ਸਕਦੇ ਹਾਂ।
