ਪਟਵਾਰੀ ਸਰਕਾਰੀ, ਦਫ਼ਤਰ ਸਰਕਾਰੀ, ਪਰ ਕੰਮ ਕਰ ਰਹੇ ਪ੍ਰਾਈਵੇਟ ਕਰਿੰਦੇ! ਡੀਸੀ ਸਾਹਿਬ ਦੱਸਣ—ਇਹ ਕਿਸ ਦੇ ਹੁਕਮਾਂ ‘ਤੇ ਬੈਠੇ ਹਨ?
ਜਲੰਧਰ | (ਇਸ਼ਾਨ ਜਨੇਜਾ) :
ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ ਪਟਵਾਰਖਾਨਿਆਂ ਦੀ ਕਾਰਜਪ੍ਰਣਾਲੀ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।
TIME TV PUNJAB ਦੀ ਟੀਮ ਵੱਲੋਂ ਕੀਤੇ ਗਏ ਦੌਰੇ ਦੌਰਾਨ ਪਟਵਾਰਖਾਨਾ ਨੰਬਰ 1 ਤੋਂ 15 ਤੱਕ ਦੇ ਦਫ਼ਤਰਾਂ ਵਿੱਚ ਪ੍ਰਾਈਵੇਟ ਵਿਅਕਤੀ ਕੰਮ ਕਰਦੇ ਨਜ਼ਰ ਆਏ।
ਸਵਾਲ ਇਹ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਇਨ੍ਹਾਂ ਨਿੱਜੀ ਵਿਅਕਤੀਆਂ ਨੂੰ ਬੈਠਣ ਅਤੇ ਕੰਮ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ?
ਕੀ ਇਨ੍ਹਾਂ ਦੀ ਕੋਈ ਸਰਕਾਰੀ ਨਿਯੁਕਤੀ ਹੈ ਜਾਂ ਪਟਵਾਰੀਆਂ ਨੇ ਆਪਣੇ ਪੱਧਰ ’ਤੇ ਹੀ ਨਿੱਜੀ ਕਰਿੰਦੇ ਬਿਠਾਏ ਹੋਏ ਹਨ?
ਆਖ਼ਰ ਸਰਕਾਰੀ ਦਫ਼ਤਰਾਂ ਵਿੱਚ ਸਰਕਾਰੀ ਕੰਮਕਾਜ ਨਿੱਜੀ ਹੱਥਾਂ ਵਿੱਚ ਕਿਵੇਂ ਚੱਲ ਰਿਹਾ ਹੈ?
ਆਮ ਲੋਕ ਆਪਣੀਆਂ ਜ਼ਮੀਨਾਂ ਦੇ ਕੰਮ ਕਰਵਾਉਣ ਲਈ ਪਟਵਾਰਖਾਨਿਆਂ ਦੇ ਚੱਕਰ ਲਗਾਉਂਦੇ ਹਨ।
ਇਸੇ ਦੌਰਾਨ ਲੋਕਾਂ ਤੋਂ ਕੰਮ ਕਰਵਾਉਣ ਬਦਲੇ ਕਥਿਤ ਨਾਜਾਇਜ਼ ਪੈਸੇ ਮੰਗੇ ਜਾਣ ਦੇ ਦੋਸ਼ ਵੀ ਸਾਹਮਣੇ ਆ ਰਹੇ ਹਨ।
ਜੇਕਰ ਸਰਕਾਰੀ ਦਫ਼ਤਰਾਂ ਵਿੱਚ ਪ੍ਰਾਈਵੇਟ ਕਰਿੰਦੇ ਹੀ ਲੋਕਾਂ ਦੇ ਕੰਮ ਕਰਨਗੇ ਤਾਂ ਸਰਕਾਰੀ ਮੁਲਾਜ਼ਮਾਂ ਦੀ ਜਵਾਬਦੇਹੀ ਕਿੱਥੇ ਰਹਿ ਗਈ?
ਕੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਨ੍ਹਾਂ ਪਟਵਾਰਖਾਨਿਆਂ ਵਿੱਚ ਚੱਲ ਰਹੇ ਇਸ ਸਿਸਟਮ ਦੀ ਜਾਣਕਾਰੀ ਨਹੀਂ?
ਡਿਪਟੀ ਕਮਿਸ਼ਨਰ ਜਲੰਧਰ ਤੋਂ ਸਵਾਲ
ਡੀਸੀ ਸਾਹਿਬ ਪਟਵਾਰਖਾਨਾ ਨੰਬਰ 1 ਤੋਂ 15 ਤੱਕ ਅਚਨਚੇਤ ਜਾਂਚ ਕਰਵਾਉਣ।
ਪ੍ਰਾਈਵੇਟ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਨਿਯੁਕਤੀ ਅਤੇ ਅਧਿਕਾਰਾਂ ਦਾ ਰਿਕਾਰਡ ਜਨਤਕ ਕੀਤਾ ਜਾਵੇ।
ਸਰਕਾਰੀ ਰਿਕਾਰਡ ਅਤੇ ਕੰਪਿਊਟਰਾਂ ਤੱਕ ਨਿੱਜੀ ਵਿਅਕਤੀਆਂ ਦੀ ਪਹੁੰਚ ਦੀ ਜਾਂਚ ਹੋਵੇ।
ਕਥਿਤ ਨਾਜਾਇਜ਼ ਵਸੂਲੀ ਦੇ ਦੋਸ਼ਾਂ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਬਿਨਾਂ ਅਧਿਕਾਰ ਸਰਕਾਰੀ ਕੰਮਕਾਜ ਵਿੱਚ ਦਖ਼ਲ ਦੇ ਰਹੇ ਵਿਅਕਤੀਆਂ ਨੂੰ ਰੋਕਿਆ ਜਾਵੇ।
ਹੁਣ ਦੇਖਣਾ ਇਹ ਹੋਵੇਗਾ ਕਿ ਡੀਸੀ ਜਲੰਧਰ ਇਨ੍ਹਾਂ ਪਟਵਾਰਖਾਨਿਆਂ ਵਿੱਚ ਚੱਲ ਰਹੇ ਇਸ ਸਿਸਟਮ ’ਤੇ ਕਾਰਵਾਈ ਕਰਦੇ ਹਨ ਜਾਂ ਫਿਰ ਸਰਕਾਰੀ ਦਫ਼ਤਰਾਂ ਵਿੱਚ ਪ੍ਰਾਈਵੇਟ ਕਰਿੰਦਿਆਂ ਦਾ ਬੋਲਬਾਲਾ ਇਸੇ ਤਰ੍ਹਾਂ ਜਾਰੀ ਰਹੇਗਾ।
TIME TV PUNJAB ਵੱਲੋਂ ਇਸ ਮਾਮਲੇ ਨੂੰ ਲਗਾਤਾਰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ।
