ਵਡਾਲਾ ਚੌਂਕ ਨੇੜੇ ਸੜਕ ’ਤੇ ਸ਼ਰਾਬ ਦਾ ਸੇਵਨ! ਐਕਸਾਈਜ਼ ਵਿਭਾਗ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਜਲੰਧਰ ਦੇ ਸਤਿਗੁਰੂ ਕਬੀਰ ਚੌਂਕ (ਵਡਾਲਾ ਚੌਂਕ) ਨੇੜੇ ਸ਼ਰੇਆਮ ਸੜਕ ’ਤੇ ਗੱਡੀਆਂ ਵਿੱਚ ਬੈਠ ਕੇ ਸ਼ਰਾਬ ਪੀਣ ਦਾ ਮਾਮਲਾ ਆਇਆ ਸਾਹਮਣੇ!

ਮੇਨ ਨਕੋਦਰ ਰੋਡ ’ਤੇ ਰਵੀ ਚਿਕਨ ਕਾਰਨਰ ਦੇ ਬਾਹਰ ਗੱਡੀਆਂ ਵਿੱਚ ਹੀ ਪਰੋਸੀ ਜਾ ਰਹੀ ਸ਼ਰਾਬ? ਐਕਸਾਈਜ਼ ਵਿਭਾਗ ਦੀ ਨਿਗਰਾਨੀ ’ਤੇ ਵੱਡੇ ਸਵਾਲ!

ਜਲੰਧਰ (ਸੁਮਿਤ ਕੁਮਾਰ): ਸ਼ਹਿਰ ਦੇ ਸਤਿਗੁਰੂ ਕਬੀਰ ਚੌਂਕ, ਜਿਸ ਨੂੰ ਵਡਾਲਾ ਚੌਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੇ ਬਿਲਕੁਲ ਨਜ਼ਦੀਕ ਮੇਨ ਨਕੋਦਰ ਰੋਡ ’ਤੇ ਸਥਿਤ ਸ਼ਰਾਬ ਦੇ ਠੇਕੇ ਦੇ ਨਾਲ ਲੱਗਦੇ ਰਵੀ ਚਿਕਨ ਕਾਰਨਰ ਦੇ ਬਾਹਰ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹਨ ਕਿ ਇੱਥੇ ਅਹਾਤੇ ਦੇ ਸੰਚਾਲਕਾਂ ਵੱਲੋਂ ਗਾਹਕਾਂ ਨੂੰ ਗੱਡੀਆਂ ਵਿੱਚ ਬਿਠਾ ਕੇ ਸ਼ਰਾਬ ਪੀਣ ਅਤੇ ਖਾਣ-ਪੀਣ ਦੀ ਸਹੂਲਤ ਦਿੱਤੀ ਜਾ ਰਹੀ ਹੈ।

ਸਾਡੇ ਅਦਾਰੇ ਕੋਲ ਮੌਜੂਦ ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਗੱਡੀ ਸੜਕ ਦੇ ਬਿਲਕੁਲ ਨਾਲ ਖੜ੍ਹੀ ਹੈ ਅਤੇ ਇਸ ਥਾਂ ’ਤੇ ਗੱਡੀਆਂ ਵਿੱਚ ਬੈਠ ਕੇ ਸ਼ਰਾਬ ਦਾ ਸੇਵਨ ਕੀਤੇ ਜਾਣ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮਾਮਲੇ ਦੀ ਪੂਰੀ ਵੀਡੀਓਗ੍ਰਾਫੀ ਵੀ ਸਾਡੇ ਅਦਾਰੇ ਕੋਲ ਮੌਜੂਦ ਹੈ, ਜਿਸ ਨੂੰ ਅਗਲੀ ਵੀਡੀਓ ਰਿਪੋਰਟ ਵਿੱਚ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਹ ਕੋਈ ਸੁੰਨਸਾਨ ਗਲੀ ਜਾਂ ਅੰਦਰੂਨੀ ਰਸਤਾ ਨਹੀਂ, ਸਗੋਂ ਮੇਨ ਨਕੋਦਰ ਰੋਡ ਹੈ, ਜਿੱਥੋਂ ਦਿਨ-ਰਾਤ ਵੱਡੀ ਗਿਣਤੀ ਵਿੱਚ ਲੜਕੀਆਂ, ਬੱਚੇ, ਬਜ਼ੁਰਗ ਅਤੇ ਆਮ ਰਾਹਗੀਰ ਲੰਘਦੇ ਹਨ। ਅਜਿਹੇ ਰੁਝਾਨ ਕਾਰਨ ਰਾਹਗੀਰਾਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਲੈ ਕੇ ਵੀ ਚਿੰਤਾ ਪੈਦਾ ਹੁੰਦੀ ਹੈ।

ਆਖ਼ਿਰ ਐਕਸਾਈਜ਼ ਵਿਭਾਗ ਕਿੱਥੇ ਹੈ?

ਸਵਾਲ ਇਹ ਹੈ ਕਿ ਜੇਕਰ ਕਿਸੇ ਅਹਾਤੇ ਨੂੰ ਸਰਕਾਰੀ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਕੀ ਉਸ ਦੀਆਂ ਸ਼ਰਤਾਂ ਅਤੇ ਨਿਯਮਾਂ ਦੀ ਪਾਲਣਾ ਕਰਵਾਉਣਾ ਐਕਸਾਈਜ਼ ਵਿਭਾਗ ਦੀ ਜ਼ਿੰਮੇਵਾਰੀ ਨਹੀਂ? ਕੀ ਅਹਾਤੇ ਦੀ ਮਨਜ਼ੂਰੀ ਦੇ ਨਾਮ ’ਤੇ ਸੜਕ ਕਿਨਾਰੇ ਗੱਡੀਆਂ ਵਿੱਚ ਸ਼ਰਾਬ ਪੀਣ ਦੀ ਇਜਾਜ਼ਤ ਵੀ ਮਿਲ ਜਾਂਦੀ ਹੈ?

ਕੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਥਿਤੀ ਦੀ ਜਾਣਕਾਰੀ ਨਹੀਂ ਜਾਂ ਫਿਰ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ? ਜੇਕਰ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਇਸ ਦੇ ਖ਼ਿਲਾਫ਼ ਕਾਰਵਾਈ ਕਦੋਂ ਹੋਵੇਗੀ?

ਹੁਣ ਦੇਖਣਾ ਇਹ ਹੋਵੇਗਾ ਕਿ ਐਕਸਾਈਜ਼ ਵਿਭਾਗ ਅਤੇ ਸਬੰਧਤ ਪ੍ਰਸ਼ਾਸਨ ਇਸ ਮਾਮਲੇ ਦਾ ਖ਼ੁਦ ਨੋਟਿਸ ਲੈਂਦੇ ਹਨ ਜਾਂ ਫਿਰ ਆਮ ਲੋਕਾਂ ਨੂੰ ਹੀ ਸ਼ਿਕਾਇਤਾਂ ਕਰਕੇ ਅਧਿਕਾਰੀਆਂ ਨੂੰ ਜਗਾਉਣਾ ਪਵੇਗਾ।

ਟਾਈਮ ਟੀਵੀ ਪੰਜਾਬ ਵੱਲੋਂ ਇਸ ਮਾਮਲੇ ਦੀ ਅਗਲੀ ਕੜੀ ਵਿੱਚ ਵੀਡੀਓ ਸਬੂਤਾਂ ਸਮੇਤ ਹੋਰ ਖੁਲਾਸੇ ਕੀਤੇ ਜਾਣਗੇ।

ਰਿਪੋਰਟ: ਟਾਈਮ ਟੀਵੀ ਪੰਜਾਬ