ਆਪਣੇ ਆਪ ਨੂੰ ਵਿਜਿਲੈਂਸ ਕਰਮਚਾਰੀ ਦੱਸ ਕੇ ਟ੍ਰੈਫਿਕ ਪੁਲਿਸ ਨਾਲ ਬਦਸਲੂਕੀ, 3 ਗ੍ਰਿਫ਼ਤਾਰ

ਲੁਧਿਆਣਾ TTP: ਸੜਕ‘ਤੇ ਟ੍ਰੈਫਿਕ ਡਿਊਟੀ ਦੌਰਾਨ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਝ ਨੌਜਵਾਨਾਂ ਨੇ ਆਪਣੇ ਆਪ ਨੂੰ ਵਿਜਿਲੈਂਸ ਵਿਭਾਗ ਦਾ ਕਰਮਚਾਰੀ ਦੱਸ ਕੇ ਟ੍ਰੈਫਿਕ ਪੁਲਿਸ ਦੇ ਏ.ਐਸ.ਆਈ. ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਦੀ ਵਰਦੀ ਤੱਕ ਫਾੜ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਦੇ ਏ.ਐਸ.ਆਈ. ਦਿਲੀਪ ਕੁਮਾਰ ਬੀਤੇ ਦਿਨ ਮੁੰਡੀਆ ਕਲਾ ਚੌਕ ‘ਤੇ ਟ੍ਰੈਫਿਕ ਡਿਊਟੀ ‘ਤੇ ਤਾਇਨਾਤ ਸਨ। ਇਸ ਦੌਰਾਨ ਹਾਈ ਸਿਕਿਊਰਟੀ ਨੰਬਰ ਪਲੇਟ ਨਾ ਹੋਣ ਕਾਰਨ ਡਿਊਟੀ ‘ਤੇ ਮੌਜੂਦ ਹੋਮਗਾਰਡ ਕਰਮੀ ਦਯਾਰਾਮ ਨੇ ਟਾਟਾ ਇੰਡਿਗੋ ਕਾਰ (PB01A4937) ਨੂੰ ਰੋਕਿਆ। ਕਾਰ ਚਲਾ ਰਹੇ ਨੌਜਵਾਨ ਨੇ ਆਪਣੇ ਆਪ ਨੂੰ ਵਿਜਿਲੈਂਸ ਵਿਭਾਗ ਦਾ ਕਰਮਚਾਰੀ ਦੱਸਿਆ।

ਜਦੋਂ ਟ੍ਰੈਫਿਕ ਕਰਮਚਾਰੀਆਂ ਨੇ ਉਸ ਤੋਂ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਕਾਰ ਵਿੱਚ ਬੈਠੇ ਹੋਰ ਨੌਜਵਾਨਾਂ ਸਮੇਤ ਉਹ ਭੜਕ ਗਏ। ਦੋਸ਼ੀਆਂ ਨੇ ਟ੍ਰੈਫਿਕ ਕਰਮਚਾਰੀਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਏ.ਐਸ.ਆਈ. ਦੀ ਵਰਦੀ ਫਾੜ ਦਿੱਤੀ। ਇਤਨਾ ਹੀ ਨਹੀਂ, ਉਨ੍ਹਾਂ ਨੇ ਧਮਕੀਆਂ ਵੀ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਤੁਰੰਤ ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਇਸ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲਿਸ ਨੇ ਫੁਰਤੀ ਦਿਖਾਉਂਦਿਆਂ ਤਿੰਨੋ ਦੋਸ਼ੀਆਂ ਨੂੰ ਕਾਰ ਸਮੇਤ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਰਾਜ ਕੁਮਾਰ ਖਤਰੀ, ਨਿਸ਼ਾਂਤ ਅਤੇ ਢੋਕਾ ਮੋਹੱਲਾ ਦੇ ਰਹਿਣ ਵਾਲੇ ਰਵੀ ਕੁਮਾਰ ਵਜੋਂ ਹੋਈ ਹੈ।

ਪੁਲਿਸ ਵੱਲੋਂ ਤਿੰਨੋ ਦੋਸ਼ੀਆਂ ਖ਼ਿਲਾਫ਼ ਸੰਬੰਧਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।