ਜ਼ੋਨ-4 ਵਿੱਚ ਨਗਰ ਨਿਗਮ ਦੀ ਸਖ਼ਤ ਕਾਰਵਾਈ

ਬਕਾਇਆ ਬਿਲਾਂ ਦੀ ਵਸੂਲੀ ਲਈ ਮੁਹਿੰਮ ਤੇਜ਼, ਡਿਫਾਲਟਰਾਂ ਦੇ ਕਨੈਕਸ਼ਨ ਕੱਟੇ

ਜਲੰਧਰ (ਸੁਮਿਤ ਕੁਮਾਰ): ਨਗਰ ਨਿਗਮ ਜਲੰਧਰ ਵੱਲੋਂ ਬਕਾਇਆ ਪਾਣੀ ਅਤੇ ਸੀਵਰੇਜ਼ ਬਿਲਾਂ ਦੀ ਵਸੂਲੀ ਲਈ ਸ਼ਹਿਰ ਵਿੱਚ ਖਾਸ ਮੁਹਿੰਮ ਚਲਾਈ ਜਾ ਰਹੀ ਹੈ। ਮਾਨਯੋਗ ਮੇਅਰ ਸ਼੍ਰੀ ਵਨੀਤ ਧੀਰ, ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ (IAS) ਅਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਜ਼ੋਨ ਨੰਬਰ-4 ਵਿੱਚ ਵਿਸ਼ੇਸ਼ ਕਾਰਵਾਈ ਕੀਤੀ ਗਈ।
ਫਲੈਗ ਸਕਾਊਟ ਅਸਟੇਟ ਅਫਸਰ-ਕਮ-ਚੀਫ ਟੈਕਸ ਕਲੈਕਟਰ ਸ਼੍ਰੀ ਅਸ਼ਵਨੀ ਗਿੱਲ ਅਤੇ ਸੁਪਰਿੰਟੈਂਡੈਂਟ ਵਾਟਰ ਰੇਟ ਸ਼੍ਰੀ ਹਰਪ੍ਰੀਤ ਵਾਲੀਆਂ ਦੀ ਦੇਖ-ਰੇਖ ਹੇਠ ਟੀਮਾਂ ਨੇ ਜੀ.ਟੀ.ਬੀ. ਨਗਰ, ਗਾਰਡਨ ਕਾਲੋਨੀ, ਮਾਡਲ ਹਾਊਸ ਅਤੇ 120 ਫੁੱਟੀ ਰੋਡ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ।
ਇਸ ਦੌਰਾਨ ਬਕਾਇਆ ਰਕਮ ਵਸੂਲ ਕਰਦੇ ਹੋਏ ਨਗਰ ਨਿਗਮ ਨੇ ਲਗਭਗ ₹3,16,000/- ਦੀ ਰਕਮ ਇਕੱਠੀ ਕੀਤੀ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਪ੍ਰੋਪਰਟੀਆਂ ਵੱਲੋਂ ਲੰਬੇ ਸਮੇਂ ਤੋਂ ਬਿਲ ਅਦਾ ਨਹੀਂ ਕੀਤੇ ਗਏ, ਉਨ੍ਹਾਂ ਦੇ ਪਾਣੀ ਅਤੇ ਸੀਵਰੇਜ਼ ਕਨੈਕਸ਼ਨ ਕੱਟਣ ਦੀ ਕਾਰਵਾਈ ਵੀ ਕੀਤੀ ਗਈ।
ਇਸ ਤੋਂ ਇਲਾਵਾ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਪਾਣੀ ਅਤੇ ਸੀਵਰੇਜ਼ ਕਨੈਕਸ਼ਨਾਂ ਖ਼ਿਲਾਫ਼ ਵੀ ਸਖ਼ਤ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਗਿਆ।
ਕਾਰਵਾਈ ਨੂੰ ਜ਼ੋਨ-4 ਦੇ ਏਰੀਆ ਇੰਚਾਰਜ ਇੰਸਪੈਕਟਰ ਸੰਜੀਵ ਕੁਮਾਰ ਮੋਦਗਿੱਲ, ਸ਼੍ਰੀ ਅਮਨਦੀਪ ਸਿੰਘ ਅਤੇ ਸ਼੍ਰੀ ਸਰਬਰਜੀਤ ਦੁੱਗਲ ਦੀ ਅਗਵਾਈ ਵਿੱਚ ਅਮਲ ਵਿੱਚ ਲਿਆਂਦਾ ਗਿਆ।
ਨਗਰ ਨਿਗਮ ਜਲੰਧਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਣੀ ਅਤੇ ਸੀਵਰੇਜ਼ ਬਿਲ ਸਮੇਂ ਸਿਰ ਜਮ੍ਹਾਂ ਕਰਵਾਉਣ, ਨਹੀਂ ਤਾਂ ਬਕਾਇਆਦਾਰਾਂ ਖ਼ਿਲਾਫ਼ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।
ਨਿਗਮ ਅਧਿਕਾਰੀਆਂ ਮੁਤਾਬਕ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਹੋਰ ਇਲਾਕਿਆਂ ਵਿੱਚ ਵੀ ਜਾਰੀ ਰਹੇਗੀ, ਤਾਂ ਜੋ ਰੈਵਿਨਿਊ ਵਧਾਉਣ ਦੇ ਨਾਲ ਨਾਲ ਗੈਰ-ਕਾਨੂੰਨੀ ਕਨੈਕਸ਼ਨਾਂ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ।