ਜਲੰਧਰ (ਹਰਮਨ ਸੈਣੀ) :- ਜਲੰਧਰ ਦੇ ਪਿੰਡ ਖੁਰਲਾ ਕਿੰਗਰਾ ਵਿੱਚ ਸਥਿਤ ਸੇਵਾ ਕੇਂਦਰ ਦੇ ਬਾਹਰ ਉਸ ਵੇਲੇ ਹੈਰਾਨੀਜਨਕ ਹਾਲਾਤ ਸਾਹਮਣੇ ਆਏ ਜਦੋਂ ਸਵੇਰੇ ਲੋਕਾਂ ਨੇ ਸੇਵਾ ਕੇਂਦਰ ਦੇ ਬਾਹਰ ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਗਿਲਾਸ ਪਏ ਹੋਏ ਦੇਖੇ। ਇਹ ਦ੍ਰਿਸ਼ ਦੇਖ ਕੇ ਇਲਾਕੇ ਦੇ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਕਿ ਆਖਿਰਕਾਰ ਸਰਕਾਰੀ ਦਫ਼ਤਰ ਦੇ ਬਾਹਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਵੇਂ ਪਈਆਂ ਮਿਲੀਆਂ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੇਵਾ ਕੇਂਦਰ ਦਿਨ ਦੇ ਸਮੇਂ ਆਮ ਲੋਕਾਂ ਲਈ ਸਰਕਾਰੀ ਸਹੂਲਤਾਂ ਦੇਣ ਲਈ ਬਣਾਇਆ ਗਿਆ ਹੈ, ਪਰ ਜੇਕਰ ਦਫ਼ਤਰ ਬੰਦ ਹੋਣ ਤੋਂ ਬਾਅਦ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਲੋਕਾਂ ਦਾ ਸਵਾਲ ਹੈ ਕਿ ਕੀ ਸੇਵਾ ਕੇਂਦਰ ਦੇ ਬਾਹਰ ਰਾਤ ਸਮੇਂ ਕਿਸੇ ਤਰ੍ਹਾਂ ਦੀ ਗਲਤ ਗਤੀਵਿਧੀ ਹੋ ਰਹੀ ਹੈ ਜਾਂ ਫਿਰ ਕੁਝ ਲੋਕ ਇਸ ਜਗ੍ਹਾ ਦਾ ਗਲਤ ਫਾਇਦਾ ਚੁੱਕ ਰਹੇ ਹਨ। 
ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਸੇਵਾ ਕੇਂਦਰ ਬੰਦ ਹੋਣ ਤੋਂ ਬਾਅਦ ਇੱਥੇ ਕੌਣ ਲੋਕ ਇਕੱਠੇ ਹੁੰਦੇ ਹਨ ਅਤੇ ਇਹ ਹਾਲਾਤ ਕਿਉਂ ਬਣ ਰਹੇ ਹਨ।
ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਸਰਕਾਰੀ ਦਫ਼ਤਰਾਂ ਦੇ ਬਾਹਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣਗੀਆਂ ਤਾਂ ਸਰਕਾਰ ਦੀ ਛਵੀ ਤੇ ਵੀ ਸਵਾਲ ਖੜੇ ਹੋਣਗੇ। ਇਸ ਲਈ ਜਰੂਰੀ ਹੈ ਕਿ ਸੰਬੰਧਿਤ ਅਧਿਕਾਰੀ ਤੁਰੰਤ ਕਾਰਵਾਈ ਕਰਕੇ ਇਸ ਮਾਮਲੇ ਦੀ ਸੱਚਾਈ ਸਾਹਮਣੇ ਲੈ ਕੇ ਆਉਣ।
ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਕੀ ਇਸ ਸਬੰਧੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।





