ਹੁਸ਼ਿਆਰਪੁਰ,30 ਜੂਨ (ਬਹਾਦਰ ਖਾਨ) ਬਿਜਲੀ ਕੱਟਾਂ ਖਿਲਾਫ਼ ਇਲਾਕੇ ਦੇ ਕਿਸਾਨਾਂ ਨੇ ਕੋਟ ਫਤੂਹੀ-ਮਾਹਿਲਪੁਰ ਮੁੱਖ ਮਾਰਗ ਤੇ ਬਿਸਤ-ਦੋਆਬ ਨਹਿਰ ਵਾਲੇ ਮੇਨ ਚੌਂਕ ਵਿਖੇ ਵਿੱਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਕਿਸਾਨਾਂ ਦਾ ਕਹਿਣਾ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਜੋ ਕਿਸਾਨਾਂ ਨੂੰ ਬਿਜਲੀ ਦੇਣ ਦੀਆਂ ਨਿਰੰਤਰ ਬਿਆਨਬਾਜ਼ੀਆਂ ਕਰ ਰਹੀ ਹੈ ਪਰ ਕਿਸਾਨਾਂ ਨੂੰ ਲੱਗ ਰਹੇ ਅਣ ਐਲਾਨੇ ਬਿਜਲੀ ਕੱਟਾਂ ਕਰਕੇ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮੋਟਰਾਂ ਵਾਲੀ ਬਿਜਲੀ ਸਪਲਾਈ ਦਾ ਹਾਲ ਬਹੁਤ ਮੰਦਾ ਹੋਇਆ ਪਿਆ ਹੈ ਅਤੇ ਅੱਠ ਘੰਟਿਆਂ ਵਿੱਚੋਂ ਸਿਰਫ ਚਾਰ ਘੰਟੇ ਹੀ ਬਿਜਲੀ ਮਿਲ ਰਹੀ ਹੈ।ਕਿਸਾਨਾਂ ਨੇ ਦੱਸਿਆ ਕਿ ਕੁੱਝ ਕੁ ਘੰਟੇ ਮਿਲਣ ਵਾਲੀ ਬਿਜਲੀ ਨਾਲ ਤਾਂ ਪਹਿਲਾਂ ਲਗਾਏ ਹੋਏ ਝੋਨੇ ਨੂੰ ਹੀ ਪਾਣੀ ਨਹੀਂ ਆ ਰਿਹਾ ਤਾਂ ਕਿਸਾਨ ਝੋਨੇ ਦੀ ਰਹਿੰਦੀ ਫਸਲ ਦੀ ਬਜਾਈ ਕਿਸ ਤਰ੍ਹਾਂ ਕਰਨਗੇ।ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਝੋਨੇ ਦੇ ਸੀਜਨ ਦੌਰਾਨ 8-10 ਘੰਟੇ ਬਿਜਲੀ ਦੇਣ ਦਾ ਵਾਅਦਾ ਪੂਰਾ ਕਰੇ।ਕਿਸਾਨਾਂ ਵਲੋਂ ਲਗਾਏ ਜਾਮ ਕਰਕੇ ਗੜ੍ਹਸ਼ੰਕਰ-ਮੇਹਟੀਆਣਾ ਮਾਰਗ ਅਤੇ ਕੋਟ ਫਤੂਹੀ-ਮਾਹਿਲਪੁਰ ਮਾਰਗ ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗਣ ਨਾਲ ਉਪਰੋਕਤ ਮਾਰਗਾਂ ਤੋਂ ਲੰਘਣ ਵਾਲੇ ਲੋਕਾਂ ਨੂੰ ਬੜੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰ ਤੋਂ ਭੁੱਖੇ ਕਿਸਾਨਾਂ ਵਿੱਚ ਬੜੀ ਗੁੱਸੇ ਦੀ ਲਹਿਰ ਸੀ ਪੱਤਰਕਾਰ ਵਲੋਂ ਇਹ ਪੁੱਛੇ ਜਾਣ ਤੇ ਕਿਸ ਕਰਕੇ ਧਰਨਾ ਲਾਇਆ ਹੈ ਤਾਂ ਅੱਗੇ ਤੋਂ ਬਾਕੀ ਕਿਸਾਨਾਂ ਨਾਲੋਂ ਇੱਕ ਥੋੜ੍ਹੀ ਜ਼ਿਆਦਾ ਅਕਲ ਵਾਲਾ ਪੱਤਰਕਾਰ ਨੂੰ ਉੱਖੜ ਕੇ ਪੈ ਗਿਆ ਕਿ ਤੈਨੂੰ ਕੀ ਅਸੀਂ ਤੈਨੂੰ ਧਰਨੇ ਵਾਲੀ ਜਗ੍ਹਾ ਤੇ ਨਹੀਂ ਜਾਣ ਦੇਣਾ। ਤੂੰ ਥਾਣੇਦਾਰ ਲੱਗਾ ਹੋਇਆਂ? ਅਸੀਂ ਜਿਹੜੇ ਮਰਜ਼ੀ ਪਿੰਡਾਂ ਦੇ ਹੋਈਏ। ਬਾਕੀਆਂ ਦੇ ਸਮਝਾਉਣ ਤੇ ਮਸਾਂ ਚੁੱਪ ਕੀਤਾ । ਇਸ ਮੌਕੇ ਐਕਸੀਅਨ ਇੰਜਨੀਅਰ ਵਿਨੇਦੀਪ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਮੰਗਲਵਾਰ ਬਿਜਲੀ ਸਪਲਾਈ 6 ਘੰਟੇ ਲਗਾਤਾਰ ਦਿੱਤੀ ਜਾਵੇਗੀ, ਐੱਸ ਡੀ ਓ ਸੁੱਖਵਿੰਦਰ ਕੁਮਾਰ ਕੋਟ ਫਤੂਹੀ ਨੇ ਦੱਸਿਆ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹਨ ਜਿਨ੍ਹਾਂ ਨੂੰ ਚਾਲੂ ਕਰਨ ਲਈ ਦੋ ਤਿੰਨ ਦਿਨ ਲੱਗ ਜਾਂਦੇ ਹਨ , ਇਸ ਲਈ ਮੰਗਲਵਾਰ ਤੱਕ ਬਿਜਲੀ ਸਪਲਾਈ ਚਾਲੂ ਹੋ ਜਾਵੇਗੀ।ਇਸ ਮੌਕੇ ਐੱਸ ਡੀ ਓ ਰਵਿੰਦਰ ਸਿੰਘ ਮਾਹਿਲਪੁਰ, ਇੰਜੀਨੀਅਰ ਮਨਜਿੰਦਰ ਸਿੰਘ, ਇੰਜੀਨੀਅਰ ਕਰਮਜੀਤ ਸਿੰਘ, ਐਸ, ਐੱਚ ਓ ਮੈਡਮ ਰਮਨਦੀਪ ਕੌਰ, ਸਥਾਨਕ ਪੁਲਿਸ ਅਧਿਕਾਰੀ ਚੌਕੀ ਇੰਚਾਰਜ ਸਤਨਾਮ ਸਿੰਘ,ਅਕਾਲੀ ਆਗੂ ਹਰਮਿੰਦਰ ਸਿੰਘ ਸੰਧੂ, ਭਾਜਪਾ ਆਗੂ ਸੰਜੀਵ ਪਚਨੰਗਲ, ਕਿਸਾਨ ਆਗੂ ਕਰਮਜੀਤ ਸਿੰਘ ਦਾਤਾ, ਪਰਮਿੰਦਰ ਸਿੰਘ ਬੁਗਰਾ, ਸੁਖਵਿੰਦਰ ਮਾਹਲ, ਜਰਨੈਲ ਸਿੰਘ ਬੁਗਰਾ, ਸਰਪੰਚ ਜਗਦੀਸ਼ ਸਿੰਘ ਭੱਟੀ ਟੋਡਰਪੁਰ, ਜਸਵੀਰ ਸਿੰਘ ਟੋਡਰਪੁਰ ਸਾਬਕਾ ਪੰਚ, ਬਲਵਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਮਿਨਹਾਸ, ਜਸਵਿੰਦਰ ਸਿੰਘ ਦਾਤਾ, ਬਲਵੀਰ ਸਿੰਘ, ਦਲਜੀਤ ਸਿੰਘ ਲੇਹਲ, ਉਂਕਾਰ ਸਿੰਘ ਮੰਨਣਹਾਨਾ, ਜੀਤਾ ਠੁਆਣਾ, ਸੋਨੂੰ ਮਦਾਨ, ਪ੍ਰਿੰਸ ਈਸਪੁਰ, ਭੁਪਿੰਦਰ ਸਿੰਘ ਕੰਗਰੌੜ ਆਦਿ ਕਿਸਾਨ ਹਾਜਰ ਸਨ।
ਬਿਜਲੀ ਕੱਟਾਂ ਖਿਲਾਫ਼ ਧਰਨਾ ਲਗਾ ਕੇ ਕਿਸਾਨਾਂ ਨੇ ਕੀਤਾ ਟ੍ਰੈਫਿਕ ਜਾਮ।
