ਲੱਧੇਵਾਲੀ ਰੋਡ ’ਤੇ ਕਥਿਤ ਨਜਾਇਜ਼ ਉਸਾਰੀ ਦਾ ਮਾਮਲਾ, ਸੜਕ ’ਤੇ ਕਬਜ਼ੇ ਤੋਂ ਲੈ ਕੇ ਬੇਸਮੈਂਟ ਤੱਕ ਸਵਾਲਾਂ ਦੇ ਘੇਰੇ ’ਚ ਨਗਰ ਨਿਗਮ

ਜਲੰਧਰ (ਸੁਮਿਤ ਕੁਮਾਰ): ਚਗਿੱਟੀ ਚੌਂਕ ਤੋਂ ਕੰਗਣੀਵਾਲ ਨਹਿਰ ਵੱਲ ਜਾਂਦੇ ਲੱਧੇਵਾਲੀ ਰੋਡ ’ਤੇ ਪਹਿਲਾ ਚੁਲਸਤਾ ਲੰਘਣ ਤੋਂ ਬਾਅਦ Yummy Bite Fast Food ਦੇ ਬਿਲਕੁਲ ਸਾਹਮਣੇ ਇੱਕ ਬਿਲਡਿੰਗ/ਦੁਕਾਨ ਦੀ ਕਥਿਤ ਨਜਾਇਜ਼ ਉਸਾਰੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਮੌਕੇ ’ਤੇ ਨਾ ਸਿਰਫ਼ ਉਸਾਰੀ ਦਾ ਕੰਮ ਜਾਰੀ ਹੋਣ ਦੇ ਦੋਸ਼ ਹਨ, ਸਗੋਂ ਸੜਕ ਦੀ ਜਗ੍ਹਾ ’ਤੇ ਕਬਜ਼ਾ ਕਰਕੇ ਇੱਟਾਂ, ਚਨਾਈ ਅਤੇ ਹੋਰ ਉਸਾਰੀ ਸਮੱਗਰੀ ਰੱਖੇ ਜਾਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ। ਉਕਤ ਬਿਲਡਿੰਗ ਦੇ ਹੇਠਾਂ ਕਥਿਤ ਤੌਰ ’ਤੇ ਬੇਸਮੈਂਟ ਦੀ ਖੁਦਾਈ ਵੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਬਿਲਡਿੰਗ ਦੀ ਮਨਜ਼ੂਰੀ, ਨਕਸ਼ੇ ਅਤੇ ਬੇਸਮੈਂਟ ਦੀ ਇਜਾਜ਼ਤ ਸਬੰਧੀ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਪੱਧਰ ’ਤੇ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਉਸਾਰੀ ਮਨਜ਼ੂਰਸ਼ੁਦਾ ਨਕਸ਼ੇ ਅਤੇ ਨਿਯਮਾਂ ਅਨੁਸਾਰ ਨਹੀਂ ਕੀਤੀ ਜਾ ਰਹੀ ਅਤੇ ਲੋੜੀਂਦੀਆਂ ਸਰਕਾਰੀ ਫੀਸਾਂ ਸਬੰਧੀ ਵੀ ਸਥਿਤੀ ਸਪੱਸ਼ਟ ਨਹੀਂ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਉਸਾਰੀ ਵਾਲੀ ਜਗ੍ਹਾ ਦੇ ਅੱਗੇ ਲੋਹੇ ਦੀਆਂ ਟੀਨਾਂ ਲਗਾ ਕੇ ਉਸਾਰੀ ਨੂੰ ਢੱਕਿਆ ਗਿਆ ਹੈ ਅਤੇ ਟੀਨਾਂ ਦੇ ਪਿੱਛੇ ਕੰਮ ਜਾਰੀ ਰੱਖਿਆ ਜਾ ਰਿਹਾ ਹੈ। ਇਸ ਕਾਰਨ ਸੜਕ ਤੋਂ ਲੰਘਣ ਵਾਲੇ ਆਮ ਲੋਕਾਂ ਨੂੰ ਅੰਦਰ ਚੱਲ ਰਹੇ ਨਿਰਮਾਣ ਕਾਰਜ ਦੀ ਪੂਰੀ ਜਾਣਕਾਰੀ ਨਹੀਂ ਮਿਲਦੀ। ਇਸ ਤਰੀਕੇ ਨਾਲ ਕਥਿਤ ਤੌਰ ’ਤੇ ਉਸਾਰੀ ਨੂੰ ਲੁਕਾ ਕੇ ਜਾਰੀ ਰੱਖਣ ਦੀ ਕੋਸ਼ਿਸ਼ ’ਤੇ ਵੀ ਸਵਾਲ ਉੱਠ ਰਹੇ ਹਨ।

ਇਸ ਪੂਰੇ ਮਾਮਲੇ ਨੂੰ ਲੈ ਕੇ ਨਗਰ ਨਿਗਮ ਜਲੰਧਰ ਦੇ ਬਿਲਡਿੰਗ ਵਿਭਾਗ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਜੇਕਰ ਬਿਨਾਂ ਲੋੜੀਂਦੀਆਂ ਮਨਜ਼ੂਰੀਆਂ ਦੇ ਬਿਲਡਿੰਗ ਅਤੇ ਬੇਸਮੈਂਟ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਸੜਕ ਉੱਪਰ ਵੀ ਕਬਜ਼ਾ ਕਰਕੇ ਉਸਾਰੀ ਸਮੱਗਰੀ ਰੱਖੀ ਗਈ ਹੈ ਤਾਂ ਸਬੰਧਤ ਵਿਭਾਗ ਵੱਲੋਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ—ਇਹ ਵੱਡਾ ਸਵਾਲ ਬਣਿਆ ਹੋਇਆ ਹੈ।

ਇਸ ਮਾਮਲੇ ਸਬੰਧੀ ਸ਼ਿਕਾਇਤ ਕਰਤਾ ਵੱਲੋਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸੜਕ ਉੱਪਰ ਕੀਤਾ ਕਬਜ਼ਾ ਤੁਰੰਤ ਹਟਵਾਇਆ ਜਾਵੇ, ਨਜਾਇਜ਼ ਉਸਾਰੀ ਅਤੇ ਬੇਸਮੈਂਟ ਦਾ ਕੰਮ ਰੋਕਿਆ ਜਾਵੇ ਅਤੇ ਬਿਲਡਿੰਗ ਦੇ ਨਕਸ਼ੇ, ਮਨਜ਼ੂਰੀਆਂ ਅਤੇ ਸਰਕਾਰੀ ਫੀਸਾਂ ਦੇ ਰਿਕਾਰਡ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਜਲੰਧਰ ਦਾ ਬਿਲਡਿੰਗ ਵਿਭਾਗ ਇਸ ਕਥਿਤ ਨਜਾਇਜ਼ ਉਸਾਰੀ ’ਤੇ ਕਦੋਂ ਕਾਰਵਾਈ ਕਰਦਾ ਹੈ ਜਾਂ ਫਿਰ ਸ਼ਹਿਰ ਵਿੱਚ ਸੜਕਾਂ ’ਤੇ ਕਬਜ਼ੇ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਹੋ ਰਹੀਆਂ ਉਸਾਰੀਆਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ।