Jalandhar (ਮਨਪ੍ਰੀਤ):
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਐਸ.ਸੀ ਮੋਰਚਾ ਦੇ ਜਰਨਲ ਸੈਕਟਰੀ ਪਰਮਜੀਤ ਬਾਘਾ ਜੌਹਲ ਵੱਲੋਂ ਸੋਸ਼ਲ ਮੀਡੀਆ ‘ਤੇ ਵਧ ਰਹੀ ਨਫਰਤ ਭਰੀ ਅਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਗਈ ਹੈ।
ਇਸ ਮੌਕੇ ਭਾਜਪਾ ਐਸ.ਸੀ ਮੋਰਚਾ ਪੰਜਾਬ ਦੇ ਸੈਕਟਰੀ ਰਕੇਸ਼ ਕੌਲ, ਸਮਾਜ ਸੇਵੀ ਪਰਮਜੀਤ ਕੁਮਾਰ ਅਤੇ ਅਨਿਲ ਲੰਗਾਹ ਵੀ ਮੌਜੂਦ ਰਹੇ, ਜਿਨ੍ਹਾਂ ਨੇ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ।
ਉਨ੍ਹਾਂ ਦੱਸਿਆ ਕਿ “Sonu G Paswan” ਨਾਮ ਦੀ ਇੱਕ ਸੋਸ਼ਲ ਮੀਡੀਆ ਆਈਡੀ, ਜਿਸਦੇ ਲਗਭਗ 5 ਲੱਖ ਫਾਲੋਅਰ ਹਨ, ਵੱਲੋਂ ਲਗਾਤਾਰ ਐਸ.ਸੀ ਸਮਾਜ, ਮਹਿਲਾਵਾਂ ਅਤੇ ਮਹਾਨ ਸ਼ਖ਼ਸੀਅਤਾਂ ਖ਼ਿਲਾਫ ਅਪਮਾਨਜਨਕ ਅਤੇ ਭੜਕਾਊ ਸਮੱਗਰੀ ਪੋਸਟ ਕੀਤੀ ਜਾ ਰਹੀ ਹੈ। ਇਸ ਕਾਰਨ ਸਮਾਜ ਵਿੱਚ ਨਫਰਤ ਅਤੇ ਵੰਡ ਦਾ ਮਾਹੌਲ ਬਣ ਰਿਹਾ ਹੈ।
ਪਰਮਜੀਤ ਬਾਘਾ ਜੌਹਲ ਨੇ ਕਿਹਾ ਕਿ ਇਸ ਆਈਡੀ ਵੱਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਵੀ ਅਪਮਾਨਜਨਕ ਬਿਆਨ ਕੀਤੇ ਜਾ ਰਹੇ ਹਨ, ਜੋ ਬਿਲਕੁਲ ਅਸਵੀਕਾਰਯੋਗ ਹਨ।
ਰਕੇਸ਼ ਕੌਲ ਨੇ ਕਿਹਾ ਕਿ ਐਸੀ ਸਮੱਗਰੀ ਸਮਾਜਕ ਤਣਾਅ ਨੂੰ ਵਧਾਉਂਦੀ ਹੈ ਅਤੇ ਸਰਕਾਰ ਨੂੰ ਤੁਰੰਤ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪਰਮਜੀਤ ਕੁਮਾਰ ਅਤੇ ਅਨਿਲ ਲੰਗਾਹ ਨੇ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਸਮਾਜਿਕ ਨਹੀਂ, ਸਗੋਂ ਕਾਨੂੰਨੀ ਪੱਖੋਂ ਵੀ ਬਹੁਤ ਗੰਭੀਰ ਹੈ ਅਤੇ ਇਸ ਨਾਲ ਕਾਨੂੰਨ-ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।
ਇਸ ਸਬੰਧ ਵਿੱਚ ਉਨ੍ਹਾਂ ਵੱਲੋਂ SSP ਦਿਹਾਤੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਹੇਠ ਲਿਖੀਆਂ ਮੰਗਾਂ ਰੱਖੀਆਂ ਗਈਆਂ ਹਨ:
• ਦੋਸ਼ੀ ਆਈਡੀ ਖ਼ਿਲਾਫ ਤੁਰੰਤ FIR ਦਰਜ ਕੀਤੀ ਜਾਵੇ
• ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ
• ਨਫਰਤ ਭਰੀ ਅਤੇ ਅਸ਼ਲੀਲ ਸਮੱਗਰੀ ਤੁਰੰਤ ਹਟਾਈ ਜਾਵੇ
• Cyber Cell ਰਾਹੀਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਮਾਮਲਾ ਉੱਚ ਅਧਿਕਾਰੀਆਂ ਅਤੇ ਅਦਾਲਤ ਤੱਕ ਲਿਜਾਇਆ ਜਾਵੇਗਾ।
ਅੰਤ ਵਿੱਚ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰੇ ਨੂੰ ਬਣਾਈ ਰੱਖਣ ਲਈ ਐਸੇ ਮਾਮਲਿਆਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।
